ਕੇਜਰੀਵਾਲ ਵਕੀਲ ਨਹੀਂ ਆਪਣਾ ਨਜ਼ਰੀਆ ਬਦਲੇ : ਬਾਦਲ

04/23/2016 3:13:44 PM

ਨਵਾਂਸ਼ਹਿਰ (ਮਨੋਰੰਜਨ)— ਦਿੱਲੀ ਦੇ ਮੁੱਖ ਮੰਤਰੀ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ''ਤੇ ਆਪਣੇ ਵਕੀਲ ਨੂੰ ਬਦਲਣ ਦੇ ਐਲਾਨ ਨੂੰ ਸਿਆਸੀ ਸਟੰਟ ਦੱਸਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣਾ ਵਕੀਲ ਤਾਂ ਬਦਲ ਸਕਦੇ ਹਨ ਪਰ ਆਪਣੀ ਪਾਰਟੀ ਦਾ ਪੰਜਾਬ ਵਿਰੋਧੀ ਵਤੀਰਾ ਨਹੀਂ ਬਦਲ ਸਕਦੇ। ਸ਼ਨੀਵਾਰ ਨੂੰ ਇੱਥੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸ਼ਹਿਰੀ ਖੇਤਰਾਂ ਵਿਚ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਹਰਿਆਣਾ ਨਾਲ ਸਬੰਧ ਰੱਖਦੇ ਹਨ ਅਤੇ ਇਸ ਲਈ ਉਨ੍ਹਾ ਦਾ ਝੁਕਾਅ ਆਪਣੇ ਸੂਬੇ ਵੱਲ ਹੋਣਾ ਸੁਭਾਵਿਕ ਹੈ ਤੇ ਅਜਿਹੇ ਹਾਲਾਤ ਵਿਚ ਉਨ੍ਹਾਂ ਤੋਂ ਪੰਜਾਬ ਦੇ ਭਲੇ ਦੀ ਆਸ ਰੱਖਣਾ ਬੇਮਾਇਨਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਕੋਈ ਵੀ ਮੋਹ ਨਹੀਂ ਹੈ ਅਤੇ ਉਨ੍ਹਾਂ ਦਾ ਇਕੋ-ਇਕ ਮਨੋਰਥ, ਸੂਬੇ ਵਿਚ ਸੱਤਾ ਹਾਸਲ ਕਰਨਾ ਹੈ।
ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਉਸ ਦੇ ਪਾਣੀਆਂ ਤੋਂ ਵਾਂਝੇ ਕਰਨ ਲਈ ਹੱਥ ਮਿਲਾ ਲਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਨੇ ਪੰਜਾਬ ਤੋਂ ਪਾਣੀ ਖੋਹਣ ਲਈ ਕਈ ਸਮਝੌਤੇ ਕੀਤੇ ਸਨ, ਦੂਜੇ ਪਾਸ ''ਆਪ'' ਇਨ੍ਹਾਂ ਸਮਝੌਤਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਜਸ਼ੀਲ ਹੈ। ਸੁਪਰੀਮ ਕੋਰਟ ਵਿਚ ਕੇਜਰੀਵਾਲ ਸਰਕਾਰ ਵੱਲੋਂ ਦਿੱਤੇ ਗਏ ਹਲਫ਼ਨਾਮੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਦਾਲਤ ਵਿਚ ਦਿੱਲੀ ਸਰਕਾਰ ਨੇ ਇਹ ਸਪੱਸ਼ਟ ਸਟੈਂਡ ਲਿਆ ਹੈ ਕਿ ਐਸ.ਵਾਈ.ਐਲ. ਦੇ ਮੁੱਦੇ ''ਤੇ ਪੰਜਾਬ ਦਾ ਸਟੈਂਡ ਦੇਸ਼ ਨੂੰ ਖੇਰੂੰ-ਖੇਰੂੰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ ਨੇ ਪੰਜਾਬ ਦੇ ਇਸ ਸਟੈਂਡ ਨੂੰ ਦੇਸ਼ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਦੱਸਦਿਆਂ ਪੰਜਾਬ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਸਟੈਂਡ ਕਾਰਨ ਪੰਜਾਬ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।


Gurminder Singh

Content Editor

Related News