ਬਦਲੀਆਂ ਦੇ ਮਾਮਲੇ ''ਚ ਯੂਨੀਅਨਾਂ ਅੱਗੇ ਟਰਾਂਸਪੋਰਟ ਵਿਭਾਗ ਬੌਣਾ ਸਾਬਿਤ

Saturday, Jul 14, 2018 - 01:41 PM (IST)

ਬਦਲੀਆਂ ਦੇ ਮਾਮਲੇ ''ਚ ਯੂਨੀਅਨਾਂ ਅੱਗੇ ਟਰਾਂਸਪੋਰਟ ਵਿਭਾਗ ਬੌਣਾ ਸਾਬਿਤ

ਲੁਧਿਆਣਾ (ਮੋਹਿਨੀ) : ਪੰਜਾਬ 'ਚ ਕੈਪਟਨ ਸਰਕਾਰ ਆਉਣ ਤੋਂ ਪਹਿਲਾਂ ਲੋਕਾਂ 'ਚ ਚਰਚਾ ਸੀ ਕਿ ਸਰਕਾਰ ਟਰਾਂਸਪੋਰਟ ਵਿਭਾਗ 'ਚ ਪਾਈਆਂ ਜਾ ਰਹੀਆਂ ਕਮੀਆਂ ਨੂੰ ਦੂਰ ਕਰ ਦੇਵੇਗੀ ਕਿਉਂਕਿ ਇਹ ਕਾਂਗਰਸ ਦੇ ਚੋਣ ਏਜੰਡੇ 'ਚ ਵੀ ਸੀ ਪਰ ਅੱਜ ਸਰਕਾਰ ਬਣੀ ਤਾਂ ਕਰੀਬ ਡੇਢ ਸਾਲ ਬੀਤਣ ਤੋਂ ਬਾਅਦ ਵੀ ਟਰਾਂਸਪੋਰਟ ਵਿਭਾਗ ਦੀ ਪਕੜ ਮਜ਼ਬੂਤ ਨਹੀਂ ਹੋ ਸਕੀ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਵਲੋਂ ਬਦਲੀਆਂ ਕਰਨ 'ਚ ਦਿਖਾਈ ਅਸਫਲਤਾ ਤੋਂ ਹੀ ਮਿਲ ਰਹੀ ਹੈ, ਜਿਸ ਦੇ ਪਿੱਛੇ ਯੂਨੀਅਨਾਂ ਦਾ ਦਬਾਅ ਇਕ ਵੱਡਾ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ। 
ਵਿਭਾਗੀ ਸੂਤਰ ਦੱਸਦੇ ਹਨ ਕਿ ਟਰਾਂਸਪੋਰਟ ਮੰਤਰੀ ਵਲੋਂ ਪੰਜਾਬ ਭਰ ਦੇ 18 ਡਿਪੂਆਂ ਦੇ ਕੰਡਕਟਰ ਅਤੇ ਡਰਾਈਵਰਾਂ ਸਮੇਤ ਹੋਰ ਮੁਲਾਜ਼ਮਾਂ ਦੀ ਬਦਲੀ ਕੀਤੇ ਜਾਣ ਦੀ ਯੋਜਨਾ ਸੀ ਅਤੇ ਪਿਛਲੀ ਸਰਕਾਰ ਦੇ ਚਹੇਤਿਆਂ ਨੂੰ ਮਲਾਈਦਾਰ ਸੀਟਾਂ ਤੋਂ ਹਟਾ ਕੇ ਮਿਹਨਤੀ ਅਤੇ ਈਮਾਨਦਾਰ ਮੁਲਾਜ਼ਮਾਂ ਨੂੰ ਲਾਉਣ ਦੀ ਯੋਜਨਾ ਸੀ ਪਰ ਪਿਛਲੀ ਸਰਕਾਰ ਦੇ ਲਾਏ ਗਏ ਚਹੇਤੇ ਆਪਣੀਆਂ ਯੂਨੀਅਨਾਂ 'ਚ ਇੰਨੀ ਪਕੜ ਬਣਾ ਚੁੱਕੇ ਹਨ ਕਿ ਉਹ ਆਪਣੇ ਆਪ 'ਤੇ ਲਟਕਦੀ ਬਦਲੀ ਦੀ ਤਲਵਾਰ ਦੇਖ ਕੇ ਯੂਨੀਅਨਾਂ ਨੂੰ ਸਰਕਾਰ ਖਿਲਾਫ ਭੜਕਾ ਦਿੰਦੇ ਹਨ, ਜਿਸ ਕਾਰਨ ਹੀ ਰੋਡਵੇਜ਼ ਦੀਆਂ ਗੇਟ ਰੈਲੀਆਂ ਅਤੇ ਹੜਤਾਲਾਂ ਆਮ ਜਨਤਾ ਦੇ ਨਾਲ-ਨਾਲ ਸਰਕਾਰ ਦੇ ਲਈ ਵੀ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੀਆਂ ਹਨ। ਇਸ ਸਬੰਧੀ ਜਦੋਂ ਟਰਾਂਸਪੋਰਟ ਮੰਤਰੀ ਤੋਂ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਉਹ ਮੁਹੱਈਆ ਨਹੀਂ ਹੋ ਸਕੇ। 


Related News