ਹੈਰੋਇਨ ਸਮੱਗਲਰ ਗ੍ਰਿਫਤਾਰ
Thursday, Jul 13, 2017 - 03:33 AM (IST)

ਅੰਮ੍ਰਿਤਸਰ, (ਸੰਜੀਵ)- ਨਾਰਕੋਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਦੀ ਟੀਮ ਨੇ ਅੱਜ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਮਲਕਪੁਰ 'ਚ ਕੀਤੇ ਇਕ ਆਪ੍ਰੇਸ਼ਨ ਦੌਰਾਨ ਹੈਰੋਇਨ ਸਮੱਗਲਰ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ 345 ਗ੍ਰਾਮ ਹੈਰੋਇਨ, 1 ਦੇਸੀ ਕੱਟਾ ਤੇ 10 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਹ ਖੁਲਾਸਾ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੁਪਰਡੈਂਟ ਸਚਿਨ ਗੁਲੇਰੀਆ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਸਮੱਗਲਰ ਪਿਛਲੇ ਕੁਝ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਹੈ, ਜੋ ਅੱਜ ਹੈਰੋਇਨ ਦੀ ਖੇਪ ਕਿਤੇ ਲਿਜਾਣ ਵਾਲਾ ਹੈ, ਜਿਸ 'ਤੇ ਇੰਸਪੈਕਟਰ ਰਜਨੀਸ਼ ਕੁਮਾਰ ਦੀ ਅਗਵਾਈ 'ਚ ਇਕ ਛਾਪੇਮਾਰੀ ਦਸਤਾ ਸਵੇਰੇ 5:30 ਵਜੇ ਪਿੰਡ ਮਲਕਪੁਰ ਪਹੁੰਚਿਆ ਅਤੇ ਪਿੰਡ ਦੇ ਸਰਪੰਚ ਦੀ ਹਾਜ਼ਰੀ 'ਚ ਉਕਤ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ 'ਤੇ ਹੈਰੋਇਨ ਤੇ ਦੇਸੀ ਕੱਟਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਜਾਂਚ ਲਈ ਰਿਮਾਂਡ 'ਤੇ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਪ੍ਰੈਲ 2016 ਤੋਂ ਐੱਨ. ਸੀ. ਬੀ. ਦਾ ਅੰਮ੍ਰਿਤਸਰ ਯੂਨਿਟ ਬਣਾਇਆ ਗਿਆ, ਜੋ ਹੁਣ ਤੱਕ 14 ਮਾਮਲਿਆਂ 'ਚ 21 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਚੁੱਕਾ ਹੈ।