ਸਾਬਕਾ ਅਕਾਲੀ ਵਿਧਾਇਕ ਦਾ ਬੇਟਾ ਇਕ ਦਿਨ ਦੇ ਹੋਰ ਪੁਲਸ ਰਿਮਾਂਡ ''ਤੇ
Tuesday, Jan 16, 2018 - 07:31 AM (IST)

ਫਿਰੋਜ਼ਪੁਰ (ਕੁਮਾਰ)—ਇਕ ਅਪਰਾਧਿਕ ਮਾਮਲੇ ਵਿਚ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰਨ ਵਾਲੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਬੇਟੇ ਸੁਰਿੰਦਰ ਸਿੰਘ ਬੱਬੂ (ਉਪ ਪ੍ਰਧਾਨ ਕੈਂਟ ਬੋਰਡ ਫਿਰੋਜ਼ਪੁਰ) ਅਤੇ ਰੋਹਿਤ ਗਿੱਲ ਕੌਂਸਲਰ ਨੂੰ ਅੱਜ ਮਹੇਸ਼ ਕੁਮਾਰ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਸੁਰਿੰਦਰ ਬੱਬੂ ਅਤੇ ਰੋਹਿਤ ਗਿੱਲ ਦੇ ਵਕੀਲ ਮਨੋਜ ਬਜਾਜ, ਜਸਬੀਰ ਸਿੰਘ ਕਾਲੜਾ ਅਤੇ ਅਸ਼ਵਨੀ ਢੀਂਗੜਾ ਆਦਿ ਨੇ ਮੁਕੱਦਮੇ ਵਿਚ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਕਾਰਾਂ ਦੀ ਬੇਅਦਬੀ ਦੇ ਸੁਰਿੰਦਰ ਸਿੰਘ ਅਤੇ ਰੋਹਿਤ ਗਿੱਲ 'ਤੇ ਲਾਏ ਗਏ ਦੋਸ਼ ਝੂਠੇ ਹਨ ਅਤੇ ਇਹ ਸਿਆਸੀ ਰੰਜਿਸ਼ ਤੇ ਸਾਜ਼ਿਸ਼ ਦਾ ਨਤੀਜਾ ਹੈ। ਦੂਸਰੇ ਪਾਸੇ ਮੁਕੱਦਮਾ ਦਰਜ ਕਰਵਾਉਣ ਵਾਲੇ ਕੌਂਸਲਰ ਜੋਰਾ ਸਿੰਘ ਸੰਧੂ ਦੇ ਵਕੀਲ ਬਸੰਤ ਲਾਲ ਮਲਹੋਤਰਾ, ਸੁਰਿੰਦਰਪਾਲ ਸਿੰਘ ਸਿੱਧੂ ਅਤੇ ਸਰਕਾਰੀ ਵਕੀਲ ਨੇ ਲੈਪਟਾਪ 'ਤੇ ਇਕ ਸੀ. ਡੀ. ਅਦਾਲਤ ਵਿਚ ਪੇਸ਼ ਕੀਤੀ ਅਤੇ ਕਿਹਾ ਕਿ ਕੁੱਟ-ਮਾਰ ਦੇ ਨਾਲ-ਨਾਲ ਕੌਂਸਲਰ ਜੋਰਾ ਸਿੰਘ ਸੰਧੂ ਦੇ ਕਕਾਰਾਂ ਦੀ ਬੇਅਦਬੀ ਦੇ ਨਾਲ-ਨਾਲ ਉਸ ਦੀ ਕੁੱਟ-ਮਾਰ ਕੀਤੀ ਗਈ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਪੁਲਸ ਨੇ ਇਸ ਝਗੜੇ ਦੌਰਾਨ 3-4 ਹੋਰ ਕੁੱਟ-ਮਾਰ ਕਰਨ ਵਾਲੇ ਅਣਪਛਾਤੇ ਲੋਕਾਂ ਦੀ ਪੁੱਛਗਿੱਛ ਲਈ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦਾ 3 ਦਿਨਾਂ ਲਈ ਪੁਲਸ ਰਿਮਾਂਡ ਮੰਗਿਆ। ਮਾਣਯੋਗ ਅਦਾਲਤ ਨੇ ਸੁਰਿੰਦਰ ਬੱਬੂ ਅਤੇ ਰੋਹਿਤ ਗਿੱਲ ਦਾ ਇਕ ਦਿਨ ਦਾ ਹੋਰ ਪੁਲਸ ਰਿਮਾਂਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਦਾ ਡਿਊਟੀ ਮੈਜਿਸਟ੍ਰੇਟ ਵੱਲੋਂ ਪਹਿਲਾਂ ਵੀ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਜਾ ਚੁੱਕਾ ਹੈ।