ਪੁਲਸ ਨੇ ਹੈਰੋਇਨ ਸਣੇ 2 ਨੂੰ ਕੀਤਾ ਗ੍ਰਿਫਤਾਰ

11/19/2017 1:50:15 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਜਸਪਾਲ)—ਫਿਰੋਜ਼ਪੁਰ ਦੇ ਥਾਣਾ ਆਰਿਫ ਕੇ ਦੀ ਪੁਲਸ ਨੇ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਅਗਵਾਈ ਹੇਠ 102 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮੋਹਿਤ ਧਵਨ ਨੇ ਦੱਸਿਆ ਕਿ ਪਿੰਡ ਆਰਿਫ ਕੇ ਦੇ ਏਰੀਏ ਵਿਚ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਸਪਲੈਂਡਰ ਮੋਟਰਸਾਈਕਲ 'ਤੇ ਆਉਂਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 102 ਗ੍ਰਾਮ ਹੈਰੋਇਨ ਬਰਾਮਦ ਹੋਈ।  ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਕਾਰਜ ਸਿੰਘ ਪੁੱਤਰ ਸਾਧਾ ਸਿੰਘ ਦੱਸਿਆ, ਜਿਸ ਤੋਂ ਬਾਅਦ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੋਹਿਤ ਧਵਨ ਨੇ ਕਿਹਾ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 50 ਲੱਖ ਰੁਪਏ ਤੋਂ ਜ਼ਿਆਦਾ ਹੈ। ਫੜੇ ਗਏ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਸ ਰਿਮਾਂਡ ਮੰਗਿਆ ਜਾਵੇਗਾ।  ਥਾਣਾ ਸਿਟੀ ਪੁਲਸ ਨੇ ਬਾਹਮਣੀ ਵਾਲਾ ਰੋਡ 'ਤੇ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਈਸਾ ਪੰਜਗਰਾਈਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਨਗਰ ਥਾਣਾ ਮੁਖੀ ਅਭਿਨਵ ਚੌਹਾਨ ਨੇ ਦੱਸਿਆ ਕਿ ਏ. ਐੱਸ. ਆਈ. ਭਜਨ ਸਿੰਘ ਵੱਲੋਂ ਬਾਹਮਣੀ ਵਾਲਾ ਰੋਡ 'ਤੇ ਨਾਰੰਗ ਕਾਲੋਨੀ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਕਿ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਦੋਸ਼ੀ ਸੁਖਦੇਵ ਸਿੰਘ ਮੋਟਰਸਾਈਕਲ 'ਤੇ ਆ ਰਿਹਾ ਸੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਅਤੇ ਦਸਤਾਵੇਜ਼ ਪੁੱਛੇ ਤਾਂ ਉਕਤ ਦੋਸ਼ੀ ਘਬਰਾ ਗਿਆ ਅਤੇ ਟਾਲ-ਮਟੋਲ ਕਰਨ ਲੱਗਾ। ਇਸ ਤੋਂ ਬਾਅਦ ਜਦੋਂ ਉਸ ਨੂੰ ਟੂਲ-ਬਾਕਸ ਖੋਲ੍ਹਣ ਲਈ ਗਿਆ ਤਾਂ ਉਕਤ ਟੂਲ-ਬਾਕਸ ਖੁੱਲ੍ਹਣ 'ਤੇ ਉਸ 'ਚ ਲਿਫਾਫਾ ਬਰਾਮਦ ਹੋਇਆ ਅਤੇ ਪੜਤਾਲ ਕਰਨ 'ਤੇ ਸਪੱਸ਼ਟ ਹੋਇਆ ਕਿ ਉਸ ਵਿਚ ਹੈਰੋਇਨ ਸੀ। ਪੁੱਛਗਿੱਛ ਤੋਂ ਬਾਅਦ ਦੋਸ਼ੀ ਨੇ ਦੱਸਿਆ ਕਿ ਉਹ ਹੈਰੋਇਨ ਜ਼ੀਰਾ ਨਿਵਾਸੀ ਸੋਨੂੰ ਨਾਮਕ ਵਿਅਕਤੀ ਕੋਲੋਂ ਲਿਆਇਆ ਸੀ।


Related News