ਚੋਰ ਗਿਰੋਹ ਦੇ 2 ਮੈਂਬਰ 1 ਮੋਟਰਸਾਈਕਲ ਅਤੇ 7 ਮੋਬਾਇਲ ਫੋਨ ਸਣੇ ਕਾਬੂ

Friday, Jun 30, 2017 - 03:40 AM (IST)

ਲੁਧਿਆਣਾ(ਅਨਿਲ)-ਘਰਾਂ ਦੀ ਰੇਕੀ ਕਰਨ ਤੋਂ ਬਾਅਦ ਰਾਤ ਨੂੰ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ 1 ਮੋਟਰਸਾਈਕਲ ਅਤੇ 7 ਮੋਬਾਇਲ ਫੋਨ ਸਮੇਤ ਥਾਣਾ ਮੇਹਰਬਾਨ ਦੀ ਪੁਲਸ ਨੇ ਕਾਬੂ ਕੀਤਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਅਤੇ ਏ. ਸੀ. ਪੀ. ਸਾਹਨੇਵਾਲ ਮੈਡਮ ਹਰਕਮਲ ਕੌਰ ਨੇ ਦੱਸਿਆ ਕਿ ਥਾਣਾ ਮੇਹਰਬਾਨ ਦੇ ਮੁਖੀ ਪਵਿੱਤਰ ਸਿੰਘ ਦੀ ਪੁਲਸ ਟੀਮ ਨੇ ਮੇਹਰਬਾਨ ਟੀ-ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਚੈਕਿੰਗ ਲਈ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਗਿਆ। ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕਣ 'ਤੇ ਪੁਲਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸ ਨੇ 21 ਜੂਨ ਨੂੰ ਪਿੰਡ ਜਗੀਰਪੁਰ ਦੇ ਇਕ ਘਰ ਦੇ ਤਾਲੇ ਤੋੜ ਕੇ ਚੋਰੀ ਕੀਤਾ ਹੈ। ਉਨ੍ਹਾਂ ਨੇ ਪੁਲਸ ਸਾਹਮਣੇ 18 ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ। ਏ. ਡੀ. ਸੀ. ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀ ਵਿਵੇਕ ਕੁਮਾਰ ਪੁੱਤਰ ਸੁਖਦੇਵ ਸਿੰਘ ਨਿਵਾਸੀ ਪ੍ਰੇਮ ਕਾਲੋਨੀ ਮੇਹਰਬਾਨ ਅਤੇ ਦਲੀਪ ਕੁਮਾਰ ਪੁੱਤਰ ਹੀਰਾ ਰਾਮ ਨਿਵਾਸੀ ਮੇਹਰਬਾਨ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ ਮੈਂਬਰੀ ਗਿਰੋਹ ਹੈ। ਇਨ੍ਹਾਂ ਵਿਚੋਂ ਅਸ਼ੋਕ ਕੁਮਾਰ ਅਜੇ ਤੱਕ ਫਰਾਰ ਹੈ। ਦੋਸ਼ੀਆਂ ਨੇ ਦੱਸਿਆ ਕਿ ਉਹ ਦਿਨ ਦੇ ਸਮੇਂ ਮੁਹੱਲੇ ਅਤੇ ਪਿੰਡਾਂ ਵਿਚ ਰੇਕੀ ਕਰਦੇ ਹਨ ਅਤੇ ਰਾਤ ਸਮੇਂ ਘਰਾਂ ਦੇ ਤਾਲੇ ਤੋੜ  ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਸ ਨੇ ਉਕਤ ਦੋਵੇਂ ਦੋਸ਼ੀਆਂ ਕੋਲੋਂ ਚੋਰੀ ਦੇ 7 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਦੋਵਾਂ ਖਿਲਾਫ ਥਾਣਾ ਮੇਹਰਬਾਨ ਵਿਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News