ਤਰਨਤਾਰਨ- ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ ਲੁੱਟਣ 'ਚ ਨਾਕਾਮ ਰਹੇ ਚੋਰ

01/19/2018 10:40:04 AM

ਤਰਨਤਾਰਨ (ਰਾਜੂ) - ਸ਼ਹਿਰ 'ਚ ਰੋਜ਼ਾਨਾ ਹੋਣ ਵਾਲੀਆਂ ਲੁੱਟਾਂ-ਖੋਹਾਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੀ ਇਕ ਤਾਜ਼ਾ ਮਿਸਾਲ ਅੱਜ ਸਵੇਰੇ ਉਸ ਸਮੇਂ ਮਿਲੀ ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਦੀ ਮਦਦ ਨਾਲ ਕੱਟ ਕੇ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਘਟਨਾ ਦਾ ਪਤਾ ਲਗਦੇ ਹੀ ਥਾਣਾ ਸਿਟੀ ਦੇ ਡਿਊਟੀ ਅਫਸਰ ਏ. ਐੱਸ. ਆਈ. ਨਰਿੰਦਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 
ਜਾਣਕਾਰੀ ਅਨੁਸਾਰ ਸਥਾਨਕ ਝਬਾਲ ਰੋਡ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਨੇੜੇ ਦਰਬਾਰ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ. ਮੌਜੂਦ ਹੈ। ਇਥੋਂ ਰੋਜ਼ਾਨਾ ਸੈਂਕੜੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਜਾਣ ਲਈ ਆਉਂਦੇ-ਜਾਂਦੇ ਹਨ। ਏ. ਟੀ. ਐੱਮ. ਦੇ ਸੁਰੱਖਿਆ ਗਾਰਡ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਕਰ ਕੇ ਰੋਜ਼ਾਨਾ ਵਾਂਗ ਸਵੇਰੇ 6.20 'ਤੇ ਆਪਣੇ ਘਰ ਚਲਾ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। 
ਉਸ ਨੇ ਦੱਸਿਆ ਕਿ ਏ. ਟੀ. ਐੱਮ. ਨੂੰ ਛੋਟੇ ਗੈਸ ਸਿਲੰਡਰ ਦੀ ਮਦਦ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਏ. ਟੀ. ਐੱਮ. 'ਚ ਲੱਗੇ ਸਾਰੇ ਕੈਮਰਿਆਂ ਉੱਪਰ ਕਾਲੇ ਰੰਗ ਦੀ ਸਪਰੇਅ ਕੀਤੀ ਗਈ ਸੀ ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ। ਏ. ਟੀ. ਐੱਮ. ਦਾ ਬਾਹਰੀ ਦਰਵਾਜ਼ਾ ਅੱਗ ਦੀ ਮਦਦ ਨਾਲ ਸਾੜ ਦਿੱਤਾ ਗਿਆ। ਮਸ਼ੀਨ ਦਾ ਦੂਸਰਾ ਦਰਵਾਜ਼ਾ ਜਿਸ ਨੂੰ ਪਾਸਵਰਡ ਦੀ ਮਦਦ ਨਾਲ ਖੋਲ੍ਹਿਆ ਜਾਂਦਾ ਹੈ, ਬਚ ਗਿਆ। ਲੁਟੇਰੇ ਜਾਂਦੇ ਸਮੇਂ ਆਪਣਾ ਇਕ ਬੈਗ, ਇਕ ਥੈਲਾ ਜਿਸ 'ਚ ਔਜ਼ਾਰ ਸਨ ਅਤੇ ਇਕ ਗੈਸ ਦਾ ਛੋਟਾ ਸਿਲੰਡਰ ਸਮੇਤ ਕਟਰ ਪਾਈਪ ਛੱਡ ਕੇ ਫਰਾਰ ਹੋ ਗਏ।
ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਚੀਫ ਮੈਨੇਜਰ ਵਿਰੇਂਦਰ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੇ ਸੀ. ਸੀ. ਟੀ. ਵੀ. ਦੀ ਫੁਟੇਜ ਸਬੰਧੀ ਇੰਜੀਨੀਅਰ ਨੂੰ ਬੁਲਾਇਆ ਹੈ ਜੋ ਦੇਰ ਸ਼ਾਮ ਤੱਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਸ਼ੀਨ 'ਚ 6 ਲੱਖ 6 ਹਜ਼ਾਰ ਰੁਪਏ ਮੌਜੂਦ ਸਨ ਜਿਨ੍ਹਾਂ ਨੂੰ ਲੁਟੇਰੇ ਲੁੱਟਣ 'ਚ ਕਾਮਯਾਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। 
ਕੀ ਕਹਿੰਦੇ ਹਨ ਥਾਣਾ ਮੁਖੀ?
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


 


Related News