ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਸ ’ਚ ਭਰਤੀ ਲਈ ਸਿਖਲਾਈ ਕੋਰਸ 12 ਜੁਲਾਈ ਤੋਂ ਹੋਵੇਗਾ ਸ਼ੁਰੂ

Thursday, Jul 08, 2021 - 09:49 AM (IST)

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਸ ’ਚ ਭਰਤੀ ਲਈ ਸਿਖਲਾਈ ਕੋਰਸ 12 ਜੁਲਾਈ ਤੋਂ ਹੋਵੇਗਾ ਸ਼ੁਰੂ

ਪਟਿਆਲਾ (ਜੋਸਨ) : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ਕਰਨਲ ਮਨਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ’ਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੋਰਸ 12 ਜੁਲਾਈ, 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ’ਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਸ ’ਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ।

ਇਹ ਕੋਰਸ 45 ਦਿਨ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਭਰਤੀ ਲਈ ਲੋੜੀਂਦੇ ਮਿਆਰ ਲਈ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਲਿਖ਼ਤੀ ਇਮਤਿਹਾਨ ਦੀ ਤਿਆਰੀ ਵੀ ਕਰਾਈ ਜਾਵੇਗੀ। ਉਨ੍ਹਾਂ ਭਰਤੀ ਲਈ ਸਰੀਰਕ ਮਾਪਦੰਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੌਜ ’ਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ, 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿੱਲੋ ਹੋਣਾ ਚਾਹੀਦਾ ਹੈ। ਉਮੀਦਵਾਰ ਦਸਵੀਂ ਕਲਾਸ ’ਚ 45 ਫ਼ੀਸਦੀ ਅੰਕ ਨਾਲ ਅਤੇ ਹਰੇਕ ਵਿਸ਼ੇ ’ਚੋਂ 33 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ।

ਕਲਰਕ/ਐੱਸ. ਕੇ. ਟੀ. ਦੀ ਭਰਤੀ ਲਈ ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਵਿਚਕਾਰ ਅਤੇ ਕੱਦ ਘੱਟੋ-ਘੱਟ 162 ਸੈਂਟੀਮੀਟਰ ਹੋਣਾ ਚਾਹੀਦਾ ਹੈ। ਉਮੀਦਵਾਰ ਬਾਰਵੀਂ ਕਲਾਸ 60 ਫ਼ੀਸਦੀ ਅੰਕਾਂ ਨਾਲ ਅਤੇ ਹਰੇਕ ਵਿਸ਼ੇ ’ਚੋਂ 50 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ/ਅਕਾਊਂਟਿੰਗ/ਬੁੱਕ ਕੀਪਿੰਗ ਵਿਸ਼ਿਆਂ ’ਚ 50 ਫ਼ੀਸਦੀ ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਚਾਹਵਾਨ ਉਮੀਦਵਾਰ ਆਪਣੇ ਵਿੱਦਿਅਕ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ, ਡਿਸਚਾਰਜ਼ ਬੁੱਕ (ਕੇਵਲ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ) ਅਤੇ ਐੱਸ. ਸੀ. ਜਾਤੀ ਦੇ ਉਮੀਦਵਾਰ ਆਪਣਾ ਜਾਤੀ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਨੇੜੇ ਰੇਲਵੇ ਸਟੇਸ਼ਨ ਵਿਖੇ ਆਪਣੇ ਨਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
 


author

Babita

Content Editor

Related News