ਫ਼ੌਜੀ ਬਣਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਨੂੰ ਸ਼ੁਰੂ ਹੋਵੇਗੀ ਭਰਤੀ
Wednesday, Jan 13, 2021 - 11:22 AM (IST)
ਪਟਿਆਲਾ (ਜੋਸਨ) : ਭਾਰਤੀ ਫ਼ੌਜ 'ਚ ਫ਼ੌਜੀ ਬਣਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਪਟਿਆਲਾ ਦੇ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ 'ਚ ਵੱਖ-ਵੱਖ ਵਰਗਾਂ ਦੀ 7 ਤੋਂ 26 ਫਰਵਰੀ ਤੱਕ ਭਰਤੀ ਹੋਣ ਜਾ ਰਹੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਮਹਿਕਮਿਆਂ ਨੂੰ ਭਰਤੀ ਰੈਲੀ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਸੜਕਾਂ ’ਤੇ ਚੱਲੇਗਾ 'ਫਾਈਟਰ ਜੈੱਟ ਰਾਫੇਲ' ਜਹਾਜ਼ ’ਚ ਝੂਟੇ ਲੈਣ ਵਾਲਿਆਂ ਦਾ ਸੁਫ਼ਨਾ ਹੋਵੇਗਾ ਪੂਰਾ
ਨੌਜਵਾਨਾਂ ਨੂੰ ਨਹੀਂ ਆਵੇਗੀ ਕੋਈ ਮੁਸ਼ਕਲ
ਮੀਟਿੰਗ ਦੌਰਾਨ ਐਕਸਟਰਾ ਅਸਿਸਟੈਟ ਕਮਿਸ਼ਨਰ (ਯੂ. ਟੀ.) ਮਿਸ ਜਸਲੀਨ ਕੌਰ ਨੇ ਸਮੂਹ ਅਧਿਕਾਰੀਆਂ ਨੂੰ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਫ਼ੌਜ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਕੋਵਿਡ ਕਾਰਨ ਅਗਸਤ-2020 'ਚ ਮੁਲਤਵੀ ਕੀਤੀ ਗਈ ਇਸ ਭਰਤੀ ਰੈਲੀ 'ਚ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 32 ਹਜ਼ਾਰ ਦੇ ਕਰੀਬ ਨੌਜਵਾਨ ਹਿੱਸਾ ਲੈਣਗੇ।
ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'
ਉਨ੍ਹਾਂ ਭਰਤੀ ਲਈ ਰਜਿਸਟਰਡ ਹੋਏ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ੌਜ 'ਚ ਭਰਤੀ ਬਿਲਕੁਲ ਮੁਫ਼ਤ ਹੈ ਅਤੇ ਸਿਰਫ ਮੈਰਿਟ 'ਤੇ ਪਾਰਦਰਸ਼ੀ ਢੰਗ ਨਾਲ ਹੁੰਦੀ ਹੈ, ਇਸ ਲਈ ਭਰਤੀ ਹੋਣ ਦੇ ਇਛੁੱਕ ਨੌਜਵਾਨ ਇਸ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ। ਉਨ੍ਹਾਂ ਪੁਲਸ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।
ਭਰਤੀ ਡਾਇਰੈਕਟਰ ਨੇ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਇਸ ਭਰਤੀ ਰੈਲੀ 'ਚ ਰਜਿਸਟਰਡ ਨੌਜਵਾਨਾਂ ਨੂੰ ਦੋ ਫਾਰਮ ਭਰ ਕੇ ਦੇਣੇ ਹੋਣਗੇ, ਜੋ ਕੋਵਿਡ ਟੈਸਟ ਸਬੰਧੀ ਅਤੇ ਮਾਤਾ-ਪਿਤਾ ਦੀ ਮਨਜ਼ੂਰੀ ਨਾਲ ਸਬੰਧਿਤ ਹਨ ਅਤੇ ਇਹ ਫਾਰਮ ਫ਼ੌਜ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਜ਼ੀਕਲ ਟੈਸਟ ਦੇਣ ਆਉਣ ਵਾਲੇ ਨੌਜਵਾਨਾਂ ਲਈ ਪਟਿਆਲਾ ਬੱਸ ਸਟੈਡ ਤੋਂ ਵਿਸ਼ੇਸ਼ ਬੱਸ ਸੇਵਾ ਵੀ ਚਲਾਈ ਜਾਵੇਗੀ ਅਤੇ ਰਜਿਸਟਰੇਸ਼ਨ ਦਾ ਸਮਾਂ ਸਵੇਰੇ 6 ਵਜੇ ਦਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ