ਛੁੱਟੀ ''ਤੇ ਆਏ ਫੌਜੀ ਦੀ ਪੌੜੀਆਂ ਤੋਂ ਡਿੱਗਣ ਕਾਰਨ ਮੌਤ
Sunday, Jun 16, 2019 - 04:51 PM (IST)
![ਛੁੱਟੀ ''ਤੇ ਆਏ ਫੌਜੀ ਦੀ ਪੌੜੀਆਂ ਤੋਂ ਡਿੱਗਣ ਕਾਰਨ ਮੌਤ](https://static.jagbani.com/multimedia/2019_6image_16_51_106131298hhhhhhhhh.jpg)
ਤਪਾ ਮੰਡੀ (ਸ਼ਾਮ,ਗਰਗ) : ਪਿੰਡ ਤਾਜੋ ਵਿਖੇ 12 ਦਿਨ ਦੀ ਛੁੱਟੀ 'ਤੇ ਆਏ ਇਕ ਫੌਜੀ ਦੀ ਪੌੜੀ 'ਤੇ ਡਿੱਗਣ ਕਾਰਨ ਮੌਤ ਹੋ ਗਈ। ਫੌਜ ਦੀ ਟੁੱਕੜੀ ਵੱਲੋਂ ਮ੍ਰਿਤਕ ਨੂੰ ਸਲਾਮੀ ਦਿੱਤੀ ਗਈ ਅਤੇ ਜਵਾਨ ਨੂੰ ਸੈਂਕੜੇ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਜਵਾਨ ਜਗਸੀਰ ਸਿੰਘ (23) ਪੁੱਤਰ ਜਗਰੂਪ ਸਿੰਘ ਵਾਸੀ ਤਾਜੋਕੇ ਦੇ ਚਾਚਾ ਨਾਹਰ ਸਿੰਘ ਸਾਬਕਾ ਸਰਵਿਸਮੈਨ ਨੇ ਦੱਸਿਆ ਕਿ ਇਹ ਜਗਸੀਰ 3 ਜੂਨ ਨੂੰ 12 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਸੀ। 4 ਜੂਨ ਨੂੰ ਮਾਤਾ-ਪਿਤਾ ਨਾਲ ਹੱਥ ਵੰਡਾਉਣ ਕਾਰਨ ਘਰ ਦੀ ਛੱਤ ਦੀ ਪਾਣੀ ਦੀ ਬਾਲਟੀ ਲੈ ਕੇ ਧੌਣ ਲੱਗ ਪਿਆ ਪਰ ਪੌੜੀਆਂ ਉਤਰਦੇ ਸਮੇਂ ਅਚਾਨਕ ਪੈਰ ਫਿਸਲ ਕੇ ਹੇਠ ਡਿੱਗਣ ਕਾਰਨ ਉਸ ਦੀ ਰੀੜ ਦੀ ਹੱਡੀ 'ਤੇ ਗੰਭੀਰ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਮਿਲਟਰੀ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਕਮਾਂਡ ਹਸਪਤਾਲ ਚੰਡੀ ਮੰਦਿਰ ਪੰਚਕੂਲਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਸ ਨੇ ਉਕਤ ਹਸਪਤਾਲ 'ਚ ਪਹੁੰਚਕੇ ਮ੍ਰਿਤਕ ਫੌਜੀ ਦੇ ਪਿਤਾ ਜਗਰੂਪ ਸਿੰਘ ਤਾਜੋਕੇ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਨੂੰ ਸ਼ੌਪ ਦਿੱਤੀ। ਵੀਰਵਾਰ ਸ਼ਾਮ 7 ਵਜੇ ਦੇ ਕਰੀਬ ਮ੍ਰਿਤਕ ਜਵਾਨ ਫੌਜੀ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ ਜਿਥੇ 71 ਆਰਮਡ ਦੇ ਸੂਬੇਦਾਰ ਗਿਰਵਰ ਸਿੰਘ ਦੀ ਅਗਵਾਈ 'ਚ ਪੁੱਜੀ ਫੌਜੀ ਟੁੱਕੜੀ ਨੇ ਸ਼ਮਸ਼ਾਨ ਘਾਟ ਵਿਖੇ ਸਲਾਮੀ ਦਿੱਤੀ ਗਈ।