ਭਾਰਤ ਸਰਕਾਰ ਨੇ ਮੋਹਾਲੀ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੀ

04/12/2018 7:24:58 AM

ਜਲੰਧਰ  (ਧਵਨ) - ਭਾਰਤ ਸਰਕਾਰ ਨੇ ਮੋਹਾਲੀ ਮੈਡੀਕਲ ਕਾਲਜ ਨੂੰ ਰਸਮੀ ਤੌਰ 'ਤੇ ਅੱਜ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਤੇ ਕੁਲ 374.86 ਕਰੋੜ ਦੀ ਰਕਮ ਖਰਚ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਮੈਡੀਕਲ ਕਾਲਜ ਨੂੰ ਮਨਜ਼ੂਰ ਕਰਵਾਉਣ ਲਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਸਨ। ਸੂਬੇ ਵਿਚ ਸਿਹਤ ਸਹੂਲਤਾਂ ਨੂੰ ਗਤੀ ਦੇਣ ਦੇ ਉਦੇਸ਼ ਨਾਲ ਇਹ ਮੈਡੀਕਲ ਕਾਲਜ ਕਾਫੀ ਸਹਾਇਕ ਸਿੱਧ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਲੋਂ ਮੈਡੀਕਲ ਕਾਲਜ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੈਡੀਕਲ ਕਾਲਜ ਦੀ ਸਥਾਪਨਾ ਵਿਚ ਪੂਰਾ ਸਹਿਯੋਗ ਦੇਵੇਗੀ ਅਤੇ ਮੁਢਲਾ ਢਾਂਚਾ ਵਿਕਸਤ ਕੀਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੈਡੀਕਲ ਕਾਲਜ ਦੀ ਸਥਾਪਨਾ ਦਾ ਰਸਤਾ ਸਾਫ ਹੋਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਮੈਡੀਕਲ ਕਾਲਜ ਵਿਚ ਉਪਕਰਨ ਸਥਾਪਿਤ ਕਰਨ ਅਤੇ ਕਾਲਜ ਦਾ ਮੁੱਢਲਾ ਢਾਂਚਾ ਬਣਾਉਣ ਲਈ 3 ਕਿਸ਼ਤਾਂ ਵਿਚ ਬਰਾਬਰ ਰੂਪ ਨਾਲ 113.40 ਕਰੋੜ ਰੁਪਏ ਦੀ ਰਕਮ ਰਿਲੀਜ਼ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਪਹਿਲਾਂ ਹੀ 2018-19 ਦੇ ਬਜਟ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਨਾਲ ਇਸ ਪ੍ਰਾਜੈਕਟ ਲਈ ਬਜਟ ਰਕਮ ਦੀ ਵਿਵਸਥਾ ਕਰ ਦਿੱਤੀ ਸੀ। ਕੇਂਦਰ ਸਰਕਾਰ ਨੇ ਭਾਵੇਂ 2014 ਵਿਚ ਨਵੇਂ ਮੈਡੀਕਲ ਕਾਲਜ ਬਣਾਉਣ ਅਤੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਸੀ ਪਰ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਮੈਡੀਕਲ ਕਾਲਜ ਦੀ ਮਨਜ਼ੂਰੀ ਲੈਣ ਵਿਚ ਦਿਲਚਸਪੀ ਨਹੀਂ ਦਿਖਾਈ ਸੀ। ਇਸ ਕਾਰਨ ਮੈਡੀਕਲ ਕਾਲਜ ਦੀ ਸਥਾਪਨਾ ਦਾ ਕੰਮ ਅੱਗੇ ਨਹੀਂ ਵਧ ਸਕਿਆ ਸੀ। ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੈਡੀਕਲ ਕਾਲਜ ਦਾ ਮੁੱਦਾ ਕੇਂਦਰ ਦੇ ਸਾਹਮਣੇ ਚੁੱਕਿਆ ਤਾਂ ਕੇਂਦਰੀ ਸਿਹਤ ਮੰਤਰੀ ਨੇ ਇਸ ਮਾਮਲੇ ਦਾ ਅਖੀਰ ਹੱਲ ਕੱਢ ਦਿੱਤਾ।
ਮੈਡੀਕਲ ਕਾਲਜ 'ਤੇ ਖਰਚ ਹੋਣ ਵਾਲੇ 374.86 ਕਰੋੜ ਦੀ ਰਕਮ ਵਿਚੋਂ 325.26 ਕਰੋੜ ਰੁਪਏ ਇਮਾਰਤ ਅਤੇ ਮੁੱਢਲੇ ਢਾਂਚੇ ਦੇ ਨਿਰਮਾਣ 'ਤੇ ਖਰਚ ਕੀਤੇ ਜਾਣਗੇ, ਜਦੋਂਕਿ 49.60 ਕਰੋੜ ਰੁਪਏ ਉਪਕਰਨਾਂ ਦੀ ਖਰੀਦ ਲਈ ਵਰਤੇ ਜਾਣਗੇ। ਇਸ ਮੈਡੀਕਲ ਕਾਲਜ ਵਿਚ 100 ਐੱਮ. ਬੀ. ਬੀ. ਐੱਸ. ਦੀਆਂ ਸੀਟਾਂ ਹੋਣਗੀਆਂ ਅਤੇ ਮੈਡੀਕਲ ਕਾਲਜ 20.85 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ। ਇਸ ਵਿਚੋਂ 9.81 ਏਕੜ ਦੀ ਜ਼ਮੀਨ ਸਿਵਲ ਹਸਪਤਾਲ ਅਤੇ 4.20 ਏਕੜ ਦੀ ਜ਼ਮੀਨ ਸਿਹਤ ਅਤੇ ਪਰਿਵਾਰ ਭਲਾਈ ਇੰਸਟੀਚਿਊਟ ਲਈ ਰਹੇਗੀ। ਮੋਹਾਲੀ ਨੇੜੇ ਪੈਂਦੇ ਪਿੰਡ ਜੁਝਾਰ ਨਗਰ ਕੋਲ 6.84 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਨੇ ਸਿਹਤ ਵਿਭਾਗ ਨੂੰ ਪ੍ਰਾਜੈਕਟ ਲਈ ਹੋਰ ਜ਼ਮੀਨ ਐਕਵਾਇਰ ਕਰਨ ਲਈ ਕਿਹਾ ਹੈ।


Related News