ਪੇਸ਼ੀ ਦੌਰਾਨ ਮੁਲਜ਼ਮ ਨੂੰ ਭਜਾਉਣ ਦੀ ਫਿਰਾਕ ''ਚ ਬੈਠੇ 6 ਮੁਲਜ਼ਮ ਗ੍ਰਿਫਤਾਰ
Wednesday, Nov 04, 2020 - 04:51 PM (IST)
ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਥਾਣਾ ਸਦਰ ਖਰੜ ਵਿਖੇ ਹਰਵਿੰਦਰ ਸਿੰਘ ਵਾਸੀ ਪਟਿਆਲਾ, ਸੁਭਮ ਵਾਸੀ ਚੰਡੀਗੜ੍ਹ, ਹਿਤੇਸ਼ ਵਾਸੀ ਸੋਨੀਪਤ, ਅਨਮੋਲ ਵਾਸੀ ਸੋਨੀਪਤ, ਅਭਿਨਵ ਵਾਸੀ ਸੋਨੀਪਤ ਤੇ ਇਕ ਜੁਬਨਾਇਲ ਲੜਕਾ ਵਾਸੀ ਸੋਨੀਪਤ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਅੱਜ ਇਸ ਸਬੰਧੀ ਪ੍ਰਾਪਤ ਸੂਚਨਾ ਅਨੁਸਾਰ ਸੀ. ਆਈ. ਏ. ਸਟਾਫ਼ ਦੀ ਪੁਲਸ ਪਾਰਟੀ ਵਲੋਂ ਸੰਨੀ ਐਨਕਲੇਵ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਹਰਿਆਣਾ ਨੰਬਰ ਸਕਾਰਪੀਓ ਗੱਡੀ ਵਿਚ 6 ਵਿਅਕਤੀ ਸਵਾਰ ਸਨ, ਜਦੋਂ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 32 ਬੋਰ ਪਿਸਟਲ ਸਮੇਤ 7 ਜਿੰਦਾ ਰੋਂਦ, ਇਕ ਦੇਸੀ ਕੱਟਾ 315 ਬੋਰ, ਇਕ ਤੇਜ਼ਧਾਰ ਦਾਤ ਅਤੇ ਇਕ ਕਿਰਪਾਨ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ।
ਜਾਂਚ ਦੌਰਾਨ ਪਤਾ ਲੱਗਾ ਕਿ ਸ਼ੁਭਮ ਨੇ 19 ਅਕਤੂਬਰ 2020 ਨੂੰ ਸੈਕਟਰ-25 ਚੰਡੀਗੜ੍ਹ ਵਿਖੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਸ਼ੁਭਮ ਅਤੇ ਹਰਵਿੰਦਰ ਸਿੰਘ ਵਲੋਂ 25 ਅਕਤੂਬਰ ਨੂੰ ਪਟਿਆਲਾ ਵਿਖੇ ਸਟੇਟ ਪੱਧਰ ਦੇ ਸਮਾਗਮ ਦੌਰਾਨ ਵੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਹ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਪੈਸਿਆਂ ਦੀ ਤਾਕ ਵਿਚ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਵਿਚਾਰ ਬਣਾ ਕੇ ਘੁੰਮ ਰਹੇ ਸਨ। ਦੌਰਾਨੇ ਪੁੱਛÎਗਿੱਛ 'ਚ ਪਤਾ ਲੱਗਾ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਪੈਸਿਆਂ ਦਾ ਪ੍ਰਬੰਧ ਕਰਕੇ ਅਸਲਾ ਇਕੱਠਾ ਕਰਕੇ ਹਿਤੇਸ਼ ਦਾ ਰਿਸ਼ਤੇਦਾਰ ਮਨਜੀਤ ਸਿੰਘ ਜੋ ਸੋਨੂੰ ਸ਼ਾਹ ਕਤਲ ਮਾਮਲੇ ਵਿਚ ਬੜੈਲ ਜੇਲ ਵਿਚ ਬੰਦ ਹੈ ਨੂੰ ਦੌਰਾਨੀ ਪੇਸ਼ੀ ਭਜਾਉਣ ਦੀ ਫਿਰਾਕ ਵਿਚ ਸਨ। ਇਨ੍ਹਾਂ ਮੁਲਜ਼ਮਾਂ ਵਿਰੁੱਧ ਹੋਰ ਵੀ ਕਈ ਕੇਸ ਦਰਜ਼ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ।