ਕੋਟਕਪੂਰਾ ਗੋਲੀ ਕਾਂਡ, ਡੀ. ਆਈ. ਜੀ. ਚਾਹਲ ਵੱਲੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ

Sunday, Mar 26, 2023 - 04:31 PM (IST)

ਕੋਟਕਪੂਰਾ ਗੋਲੀ ਕਾਂਡ, ਡੀ. ਆਈ. ਜੀ. ਚਾਹਲ ਵੱਲੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ

.ਫਰੀਦਕੋਟ (ਜਗਦੀਸ਼) : ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੇ ਐੱਲ. ਕੇ. ਯਾਦਵ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ 2023 ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ 7000 ਪੰਨਿਆ ਦੀ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ 6 ਮਾਰਚ 2023 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਆਈ. ਜੀ. ਅਮਰ ਸਿੰਘ ਚਾਹਲ, ਸਾਬਕਾ ਐੱਸ. ਐੱਸ. ਪੀ. ਸੁਖਮਿੰਦਰ ਸਿੰਘ ਮਾਨ, ਮੋਗਾ ਦੇ ਸਾਬਕਾ ਐੱਸ. ਐੱਸ.ਪੀ. ਚਰਨਜੀਤ ਸ਼ਰਮਾ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪਧੇਰ ਨੂੰ 23 ਮਾਰਚ ਲਈ ਅਦਾਲਤ ਵੱਲੋਂ ਤਲਬ ਕੀਤਾ ਗਿਆ ਸੀ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ. ਐੱਸ. ਪੀ. ਸੁਖਮਿੰਦਰ ਸਿੰਘ ਮਾਨ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ. ਓ. ਗੁਰਦੀਪ ਸਿੰਘ ਪੰਧੇਰ ਵੱਲੋਂ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਕਰਵਾ ਲਈਆਂ ਗਈਆਂ ਸਨ ਤੇ 23 ਮਾਰਚ ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ’ਚ ਨਿੱਜੀ ਤੌਰ ’ਤੇ ਪੇਸ਼ ਹੋ ਗਏ ਸਨ, ਜਿਸ ’ਤੇ ਹੁਣ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਨਾਮਜ਼ਦ ਹੋਣ ਮਗਰੋਂ ਡੀ.ਆਈ.ਜੀ. ਅਮਰ ਸਿੰਘ ਚਾਹਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਡੀਸ਼ਨਲ ਸ਼ੈਸਨਜ਼ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਅਗਾਊ ਜ਼ਮਾਨਤ ਲੈਣ ਵਾਸਤੇ ਅਰਜ਼ੀ ਲਾ ਦਿੱਤੀ ਹੈ।

ਚਾਹਲ ਦੀ ਜ਼ਮਾਨਤ ਅਰਜ਼ੀ ’ਤੇ 28 ਮਾਰਚ ਨੂੰ ਬਹਿਸ ਹੋਵੇਗੀ । ਵਧੀਕ ਸੈਸ਼ਨਜ ਜੱਜ ਰਾਜੀਵ ਕਾਲੜਾ ਨੇ ਜ਼ਮਾਨਤ ਅਰਜ਼ੀ ’ਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕਰਕੇ ਇਸ ਕੇਸ ਨਾਲ ਜੁੜਿਆ ਰਿਕਾਰਡ 28 ਮਾਰਚ ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਕੀਤਾ ਹੈ। ਡੀ.ਆਈ.ਜੀ. ਅਮਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਉਸ ਦਾ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ । 12 ਅਪ੍ਰੈਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਹੋਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਅਦਾਲਤ ਵਿਚ ਪੇਸ਼ ਹੋਣ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੀ ਲੋੜ ਹੈ ।


author

Gurminder Singh

Content Editor

Related News