ਨਵਾਂ ਮੁਖੀ ਥਾਪੇ ਜਾਣ ਦੀਆਂ ਖ਼ਬਰਾਂ ਵਿਚਾਲੇ ਡੇਰਾ ਬਿਆਸ ਦਾ ਇਕ ਹੋਰ ਬਿਆਨ ਆਇਆ ਸਾਹਮਣੇ
Monday, Sep 02, 2024 - 07:41 PM (IST)
ਜਲੰਧਰ : ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਅਧਿਕਾਰੀ (ਵਾਰਿਸ) ਚੁਣ ਲਿਆ ਹੈ। ਇਸ ਦੌਰਾਨ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਥਾਪਿਆ ਗਿਆ ਹੈ। ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਖਬਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਇਸ ਸਭ ਦਾ ਕਾਰਨ ਕਿਸੇ ਬਿਮਾਰੀ ਨੂੰ ਦੱਸਿਆ ਜਾ ਰਿਹਾ ਹੈ। ਇਸ ਵਿਚਾਲੇ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵੱਲੋਂ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਗਿਆ ਹੈ।
ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵੱਲੋਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰਾਧਿਕਾਰੀ ਐਲਾਨ ਨੂੰ ਲੈ ਕੇ ਕੁਝ ਅਫਵਾਹਾਂ ਦਾ ਦੂਰ ਕਰਨਾ ਲਾਜ਼ਮੀ ਹੈ। ਪਹਿਲਾ ਗੁਰੂਗੱਦੀ ਕਿਸੇ ਨੂੰ ਵੀ ਸੌਂਪੀ ਨਹੀਂ ਜਾ ਰਹੀ ਤੇ ਕੋਈ ਦਸਤਾਰ ਬੰਦੀ ਨਹੀਂ ਹੈ ਜਿਵੇਂ ਕਿ ਮੀਡੀਆ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਦੂਜਾ ਬਾਬਾ ਜੀ ਤੰਦਰੁਸਤ ਹਨ ਅਤੇ ਰਾਧਾ ਸੁਆਮੀ ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ ਅਤੇ ਉੱਤਰਾਧਿਕਾਰੀ (ਮਹਾਰਾਜ) ਜਸਦੀਪ ਸਿੰਘ ਗਿੱਲ ਜੀ ਉਨ੍ਹਾਂ ਦੇ ਉਪ-ਨਿਰਧਾਰਤ ਹੋਣਗੇ ਅਤੇ ਉਨ੍ਹਾਂ ਦੇ ਨਾਲ ਬੈਠਣਗੇ ਅਤੇ ਬਾਬਾ ਜੀ ਦੀ ਨਿਗਰਾਨੀ ਹੇਠ ਰਹਿਣਗੇ। ਤੀਜਾ ਸੰਗਤਾਂ ਨੂੰ ਡੇਰਾ ਬਿਆਸ ਵੱਲ ਆਉਣ ਦੀ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਹੋਰ ਸਮਾਗਮ ਨਹੀਂ ਹੋ ਰਿਹਾ। ਚੌਥਾ ਕ੍ਰਿਪਾ ਕਰਕੇ ਅਫਵਾਹਾਂ 'ਤੇ ਧਿਆਨ ਨਾ ਦਿਓ ਅਤੇ ਬਿਆਸ ਵੱਲ ਨਾ ਦੌੜੋ। ਬਾਬਾ ਜੀ ਅਤੇ ਉਨ੍ਹਾਂ ਦੇ ਗੱਦੀ ਨਸ਼ੀਨ ਇਕੱਠੇ ਸਤਿਸੰਗ ਕੇਂਦਰਾਂ ਦਾ ਦੌਰਾ ਕਰਨਗੇ। ਪੰਜਵਾਂ ਸਾਰੇ ਵਿਦੇਸ਼ੀ ਸਤਿਸੰਗ ਨਵੇਂ ਮਹਾਰਾਜ ਜੀ ਦੁਆਰਾ ਦਿੱਤੇ ਜਾਣਗੇ।
ਦੱਸ ਦਈਏ ਕਿ ਅੱਜ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉਤਰਾਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਥਾਪਿਆ ਗਿਆ ਹੈ। ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ ਹੈ। ਉਹ 2 ਸਤੰਬਰ (ਅੱਜ) ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਦੇ ਰੂਪ ਵਿਚ ਉਨ੍ਹਾਂ ਦੀ ਜਗ੍ਹਾ ਲੈਣਗੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਿਆ ਹੈ, ਉਸੇ ਤਰ੍ਹਾਂ ਉਨ੍ਹਾਂ (ਜਸਦੀਪ ਗਿੱਲ) ਨੂੰ ਸੰਤ ਸਤਿਗੁਰੂ ਦੇ ਰੂਪ ਵਿਚ ਉਨ੍ਹਾਂ ਦੀ ਸੇਵਾ ਨਿਭਾਉਣ ਵਿਚ ਪਿਆਰ ਅਤੇ ਸਹਿਯੋਗ ਦਿੱਤਾ ਜਾਵੇ। ਜਸਦੀਪ ਸਿੰਘ ਗਿੱਲ, ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਦੇ ਰੂਪ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਗ੍ਹਾ ਲੈਣਗੇ ਅਤੇ ਉਨ੍ਹਾਂ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ।