ਮਾਨ ਸਰਕਾਰ ਦੀ ਪੰਜਾਬੀਆਂ ਨੂੰ ਇਕ ਹੋਰ ਸੌਗਾਤ, ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਹੋਇਆ ਸ਼ੁਰੂ
Sunday, Feb 11, 2024 - 06:38 PM (IST)
ਤਰਨਤਾਰਨ/ਪੱਟੀ : ਪੰਜਾਬ ਸਰਕਾਰ ਨੇ ਅੱਜ ਗੋਇੰਦਵਾਲ ਸਥਿਤ ਖਰੀਦਿਆ ਜੀ. ਵੀ. ਕੇ. ਥਰਮਲ ਪਲਾਂਟ ਅੱਜ ਜਨਤਾ ਦੇ ਸਪੁਰਦ ਕਰ ਦਿੱਤਾ ਹੈ। ਇਸ ਦੌਰਾਨ ਵੱਡੇ ਇਕੱਠੇ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਮੇਂ ਸਮੇਂ ’ਤੇ ਸਰਕਾਰਾਂ ਨੇ ਘਾਟੇ ਦਾ ਸੌਦਾ ਦੱਸ ਕੇ ਸਰਕਾਰੀ ਅਦਾਰਿਆਂ ਨੂੰ ਵੇਚਿਆ ਹੀ ਹੈ ਪਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰੇ ਨੂੰ ਖਰੀਦ ਕੇ ਉਸ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਹੈ ਜੋ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਪੰਜ ਥਰਮਲ ਪਲਾਂਟ ਹਨ, ਪਹਿਲਾਂ ਸਿਰਫ ਦੋ ਸਰਕਾਰ ਦੇ ਸੀ ਜਦਕਿ ਤਿੰਨ ਪ੍ਰਾਈਵੇਟ ਸੀ ਪਰ ਹੁਣ ਤਿੰਨ ਸਰਕਾਰ ਦੇ ਹੋ ਗਏ ਹਨ ਤੇ ਦੋ ਪ੍ਰਾਈਵੇਟ ਰਹਿ ਗਏ ਹਨ। ਉਨ੍ਹਾਂ ਨੂੰ ਵੀ ਅਸੀਂ ਕਿਹਾ ਹੈ ਜੇ ਗੱਲ ਕਰਨੀ ਹੋਵੇ ਤਾਂ ਦੱਸ ਦਿਓ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2015 ਤੋਂ ਬੰਦ ਪਛਵਾੜਾ ਕੋਲਾ ਖਾਨ ਸ਼ੁਰੂ ਕਰਵਾਈ, ਜਿਸ ਸਦਕਾ ਹੁਣ ਪੰਜਾਬ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਪਰਿਵਾਰ ਬਚਾਓ ਯਾਤਰਾ ਕੱਢ ਰਹੇ ਸੁਖਬੀਰ ਬਾਦਲ
ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਪਰ ਇਹ ਪੰਜਾਬ ਬਚਾਓ ਯਾਤਰਾ ਨਹੀਂ ਸਗੋਂ ਪਰਿਵਾਰ ਬਚਾਓ ਯਾਤਰਾ ਹੈ। ਪਹਿਲਾਂ ਇਹ ਮਜੀਠਾ ਗਏ ਕਿ ਮੇਰਾ ਸਾਲਾ ਬਚਾਓ, ਫਿਰ ਕੈਰੋਂ ਪਿੰਡ ਗਏ ਕਿ ਸਾਡਾ ਜਵਾਈ ਬਚਾਓ, ਫਿਰ ਫਿਰੋਜ਼ਪੁਰ ਗਏ ਕਿ ਮੈਨੂੰ ਬਚਾਓ, ਅੱਜ ਬਠਿੰਡੇ ਗਏ ਹਨ ਕਿ ਮੇਰੀ ਘਰ ਵਾਲੀ ਬਚਾਓ। ਇਸ ਵਿਚ ਪੰਜਾਬ ਕਿੱਥੇ ਹੈ, ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਤੁਹਾਡੇ ਤੋਂ ਪੰਜਾਬ ਨੂੰ ਬਚਾਇਆ ਹੈ। ਅਸੀਂ ਬੇਅਦਬੀ ਮਾਮਲਿਆਂ ’ਤੇ ਕਾਰਵਾਈ ਕਰ ਰਹੇ ਹਾਂ, ਇਸ ਲਈ ਭਗਵੰਤ ਮਾਨ ਨੂੰ ਰੋਕਣ ਦੀਆਂ ਵਿਉਂਤਾਂ ਘੜੀਂਆਂ ਜਾ ਰਹੀਆਂ ਹਨ। ਪਹਿਲਾਂ ਇਹ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਲੋਕਾਂ ਨੂੰ ਟਿੱਚ ਸਮਝਣ ਵਾਲਿਆਂ ਨੂੰ ਅੱਜ ਅਕਲ ਆ ਗਈ ਹੈ। ਹੁਣ ਸੁਖਬੀਰ ਬਾਦਲ ਧਰਤੀ ’ਤੇ ਆ ਗਏ ਹਨ ਜੋ ਪਹਿਲਾਂ 25 ਸਾਲ ਰਾਜ ਕਰਨ ਦੇ ਨਾਅਰੇ ਦਿੰਦੇ ਸੀ। ਲੋਕਾਂ ਨੇ ਹੇਠਾਂ ਲਿਆ ਸੁੱਟਿਆ ਹੈ। 2014 ਵਿਚ ਜਦੋਂ ਮੈਂ ਲੋਕ ਸਭਾ ਚੋਣਾਂ ਵਿਚ ਖੜ੍ਹਾ ਹੋਇਆ ਤਾਂ ਪੋਸਟਰ ’ਤੇ ਮੇਰੀ ਤਸਵੀਰ ਦੇਖ ਕੇ ਸੁਖਦੇਵ ਢੀਂਡਸਾ ਅਤੇ ਵਿਜੇ ਇੰਦਰ ਸਿੰਗਲਾ ਹੱਸਦੇ ਸੀ, ਉਦੋਂ ਮੈਂ ਕਿਹਾ ਕਿ ਜਿੰਨਾ ਮਰਜ਼ੀ ਹੱਸ ਲਵੋ ਪਰ ਰਿਜ਼ਲਟ ਵਾਲੇ ਦਿਨ ਤੁਹਾਨੂੰ ਰੋਣਾ ਪਵੇਗਾ। ਜੋ ਅੱਜ ਤਕ ਹੰਝੂ ਕੇਰ ਰਹੇ ਹਨ। ਲੋਕਾਂ ਨੇ ਬਾਦਲ, ਕੈਪਟਨ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਘਰਾਂ ਵਿਚ ਬਿਠਾ ਦਿੱਤਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਆ ਗਈ ਚੰਗੀ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8