'ਆਪ' ਸਰਕਾਰ ਨੂੰ ਅਦਾਲਤ ਤੋਂ ਇਕ ਹੋਰ ਵੱਡਾ ਝਟਕਾ, ਹੈਲੀਕਾਪਟਰ ਮਾਮਲੇ ਦੀ ਜਾਂਚ 'ਤੇ ਲਾਈ ਰੋਕ
Thursday, Jan 22, 2026 - 11:56 AM (IST)
ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ’ਤੇ ਰਿਪੋਰਟਿੰਗ ਸਬੰਧੀ ਪੱਤਰਕਾਰਾਂ ਖ਼ਿਲਾਫ਼ ਜਾਂਚ ’ਤੇ ਰੋਕ ਲਾ ਦਿੱਤੀ ਹੈ। ਹਾਈਕੋਰਟ ਨੇ ਕਾਨੂੰਨ ਦੇ ਵਿਦਿਆਰਥੀਆਂ, ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਖ਼ਿਲਾਫ਼ ਅੱਗੇ ਦੀ ਜਾਂਚ ’ਤੇ ਅਗਲੀ ਤਾਰੀਖ਼ ਤੱਕ ਰੋਕ ਲਾ ਦਿੱਤੀ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਕਥਿਤ ਤੌਰ ’ਤੇ ਜੁੜੇ ਹੈਲੀਕਾਪਟਰ ਦੀ ਵਰਤੋਂ ਨਾਲ ਸਬੰਧਿਤ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਮੁਲਜ਼ਮ ਵਲੋਂ ਐੱਫ. ਆਈ. ਆਰ. ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਵੀ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਰਿਪੋਰਟਿੰਗ ਕਰਨ ਦਾ ਅਧਿਕਾਰ ਅਦਾਲਤਾਂ ਸਾਹਮਣੇ ਵਿਚਾਰ ਲਈ ਅਕਸਰ ਉੱਠਦਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਕੋਈ ਜਨਤਕ ਅਹੁਦਾ ਸੰਭਾਲਣ ਵਾਲਾ ਵਿਅਕਤੀ ਦੁਖੀ ਮਹਿਸੂਸ ਕਰਦਾ ਹੈ, ਰਾਜ ਦੀ ਕਾਰਵਾਈ ਨੂੰ ਮਾਪਣ ਦਾ ਮਾਪਦੰਡ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ
ਨਾ ਹੀ ਇਹ ਸੂਬੇ ਵਲੋਂ ਪੇਸ਼ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਹੈ। ਮਾਪਦੰਡ ਹਮੇਸ਼ਾ ਆਮ ਸਮਝ ਅਤੇ ਪ੍ਰਤੱਖ ਸਬੰਧ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਭਾਵੇਂ ਇਸ ਅਦਾਲਤ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਪ੍ਰਭਾਵਕਾਂ ਅਤੇ ਪ੍ਰਿੰਟ/ਵਿਜ਼ੂਅਲ ਮੀਡੀਆ ਨੂੰ ਪੱਤਰਕਾਰੀ ਦੀ ਨੈਤਿਕਤਾ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸੱਚਾਈ, ਸਟੀਕਤਾ, ਆਜ਼ਾਦ, ਨਿਰਪੱਖ ਰਿਪੋਰਟਿੰਗ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਨਾ ਕਿ ਅਣਉੱਚਿਤ, ਪ੍ਰੇਰਕ ਤੇ ਕੂੜ ਪ੍ਰਚਾਰ ਫੈਲਾਉਣ ਵਾਲੀ ਰਿਪੋਰਟਿੰਗ ਨੂੰ। ਹਾਲਾਂਕਿ ਉਕਤ ਪਹਿਲੂ ’ਤੇ ਅਜੇ ਫ਼ੈਸਲਾ ਲਿਆ ਜਾਣਾ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਿਰਪ 'ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ
ਪਟੀਸ਼ਨ ਮੁਤਾਬਕ ਪਟੀਸ਼ਨਕਰਤਾ ਨੇ ਸੂਚਨਾ ਦੇ ਅਧਿਕਾਰ ਕਾਨੂੰਨ 2005 ਤਹਿਤ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ’ਚ ਮਾਰਚ 2022 ਤੋਂ ਪੰਜਾਬ ਸਰਕਾਰ ਰਾਹੀਂ ਜੈੱਟ, ਹਵਾਈ ਜਹਾਜ਼ ਤੇ ਹੈਲੀਕਾਪਟਰ ਕਿਰਾਏ ’ਤੇ ਲੈਣ ਜਾਂ ਚਾਰਟਰ ਕਰਨ ’ਤੇ ਕੀਤੇ ਗਏ ਖ਼ਰਚੇ ਦਾ ਬਿਓਰਾ ਮੰਗਿਆ ਗਿਆ ਸੀ। ਮੰਗੀ ਗਈ ਜਾਣਕਾਰੀ ਵਿਚ ਯਾਤਰਾ ਦੀਆਂ ਤਾਰੀਖ਼ਾਂ, ਪਹੁੰਚ ਸਥਾਨ ਅਤੇ ਯਾਤਰਾ ਕਰਨ ਵਾਲੇ ਵਿਅਕਤੀਆਂ ਦੇ ਨਾਮ ਸ਼ਾਮਲ ਸਨ। ਅਧਿਕਾਰੀਆਂ ਨੇ ਆਰ. ਟੀ. ਆਈ. ਐਕਟ ਦੀ ਧਾਰਾ 24 ਦਾ ਹਵਾਲਾ ਦਿੰਦਿਆਂ ਤੇ ਪਤਵੰਤੇ ਵਿਅਕਤੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਆਰ. ਟੀ. ਆਈ. ਅਰਜ਼ੀ ਨੂੰ ਰੱਦ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
