ਗਣਤੰਤਰ ਦਿਵਸ ਮੌਕੇ ਸਨਮਾਨਿਤ ਹੋਣ ਵਾਲੇ ਪੰਜਾਬ ਪੁਲਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

Wednesday, Jan 25, 2023 - 09:48 PM (IST)

ਗਣਤੰਤਰ ਦਿਵਸ ਮੌਕੇ ਸਨਮਾਨਿਤ ਹੋਣ ਵਾਲੇ ਪੰਜਾਬ ਪੁਲਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਪੁਲਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਪੰਜਾਬ ਪੁਲਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਸ ਮੈਡਲ (ਪੀ.ਪੀ.ਐੱਮ.ਡੀ.ਐੱਸ) ਅਤੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਸ ਮੈਡਲ (ਪੀ.ਐੱਮ.ਐੱਮ.ਐੱਸ) ਨਾਲ ਸਨਮਾਨਿਤ ਕੀਤਾ ਜਾਵੇਗਾ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.ਪੀ) ਪ੍ਰੋਵੀਜ਼ਨਿੰਗ ਐਂਡ ਮਾਡਰਨਾਈਜ਼ੇਸ਼ਨ ਜੀ ਨਾਗੇਸ਼ਵਰ ਰਾਓ, ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ) ਬਾਰਡਰ ਰੇਂਜ ਅੰਮ੍ਰਿਤਸਰ ਮੋਹਨੀਸ਼ ਚਾਵਲਾ ਅਤੇ ਸੀਨੀਅਰ ਪੁਲਸ ਸੁਪਰਡੈਂਟ ਆਫ਼ ਪੁਲਸ (ਐੱਸ.ਐੱਸ.ਪੀ) ਮੁਕਤਸਰ ਸਾਹਿਬ ਓਪਿੰਦਰਜੀਤ ਸਿੰਘ ਘੁੰਮਣ ਸਮੇਤ ਤਿੰਨ ਆਈ.ਪੀ.ਐਸ. ਅਫ਼ਸਰਾਂ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਿਨ੍ਹਾਂ 15 ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਸ ਮੈਡਲ ਲਈ ਚੁਣਿਆ ਗਿਆ ਹੈ, ਉਨ੍ਹਾਂ ਵਿੱਚ ਇੱਕ ਆਈ.ਪੀ.ਐੱਸ ਅਧਿਕਾਰੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ.ਆਈ.ਜੀ) ਫਿਰੋਜ਼ਪੁਰ ਰੇਂਜ ਰਣਜੀਤ ਸਿੰਘ, ਚਾਰ ਪੀ.ਪੀ.ਐੱਸ ਅਧਿਕਾਰੀ ਕਮਾਂਡੈਂਟ ਆਰ.ਟੀ.ਸੀ ਪੀ.ਏ.ਪੀ ਜਲੰਧਰ ਮਨਦੀਪ ਸਿੰਘ, ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਪ੍ਰਭਜੋਤ ਸਿੰਘ ਵਿਰਕ, ਡੀ.ਐੱਸ.ਪੀ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਪਰਮਿੰਦਰ ਸਿੰਘ ਅਤੇ ਡੀ.ਐੱਸ.ਪੀ ਸੀ.ਆਈ.ਡੀ ਯੂਨਿਟ ਸੰਗਰੂਰ ਚਰਨਪਾਲ ਸਿੰਘ ਸ਼ਾਮਲ ਹਨ। ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਤਜਿੰਦਰ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ, ਐੱਸ.ਆਈ ਦਲਜੀਤ ਸਿੰਘ, ਐੱਸ.ਆਈ ਜਗਤਾਰ ਸਿੰਘ, ਐੱਸ.ਆਈ ਬਲਜੀਤ ਕੌਰ, ਐੱਸ.ਆਈ ਜੁਗਲ ਕਿਸ਼ੋਰ, ਏ.ਐੱਸ.ਆਈ ਰਾਜ ਕੁਮਾਰ, ਏ.ਐੱਸ.ਆਈ ਜਸਪਾਲ ਸਿੰਘ, ਏ.ਐੱਸ.ਆਈ ਰਾਕੇਸ਼ ਚੋਪੜਾ ਅਤੇ ਏ.ਐੱਸ.ਆਈ ਪਿਆਰਾ ਸਿੰਘ ਸ਼ਾਮਲ ਹਨ।

ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੀ ਪੰਜਾਬ ਪੁਲਸ ਫੋਰਸ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਸ ਫੋਰਸ ਨੂੰ ਵਧੇਰੇ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਦੀ ਵੱਖ-ਵੱਖ ਸੁਰੱਖਿਆ ਚੁਣੌਤੀਆਂ ਵਾਲੇ ਸਰਹੱਦੀ ਸੂਬੇ ਵਿੱਚ ਬਹੁਤ ਲੋੜ ਹੈ।


author

Mandeep Singh

Content Editor

Related News