ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ
Wednesday, Feb 07, 2018 - 05:07 PM (IST)

ਭੋਗਪੁਰ(ਰਾਣਾ ਭੋਗਪੁਰੀਆ)— ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭੋਗਪੁਰ ਵੱਲੋਂ ਅੱਜ ਜ਼ਿਲਾ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦੀਆਂ ਅਰਥੀਆਂ ਬਣਾ ਕੇ ਸਾੜੀਆਂ ਗਈਆਂ। ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਵਰਕਰਾਂ ਅਤੇ ਹੈਲਪਰਾਂ ਨੇ ਸਰਾਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਰਕਰਾਂ ਸਮੇਤ ਹੈਲਪਰਾਂ ਨੂੰ ਅੱਖੋ-ਪਰੋਖੇ ਕਰ ਰਹੀ ਹੈ ਅਤੇ ਉਨ੍ਹਾਂ ਦਾ ਮਾਣ ਭੱਤਾ ਨਹੀਂ ਵਧਾਇਆ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ/ਹੈਲਪਰਾਂ ਨੂੰ ਦਿੱਲੀ ਸਰਕਾਰ ਵਾਂਗ ਕਰਮਵਾਰ 10 ਹਜ਼ਾਰ ਰੁਪਏ ਅਤੇ 5 ਹਜ਼ਾਰ ਰੁਪਏ ਮਾਣਭੱਤਾ ਦੇਵੇ। ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਦਾਖਲ ਕੀਤੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਵਾਪਸ ਭੇਜੇ ਜਾਣ। ਵਰਕਰਾਂ ਅਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿੱਲ ਪਾਸ ਕੀਤੇ ਜਾਣ ਅਤੇ ਐੱਨ. ਜੀ. ਓ. ਅਧੀਨ ਚੱਲਦੇ ਬਲਾਕ ਬਠਿੰਡਾ ਅਤੇ ਸਰਵਰ ਖੂਈਆ, ਜਿਨ੍ਹਾਂ ਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕੀ ਹੈ, ਨੂੰ ਵਾਪਸ ਵਿਚਾਰਾਂ ਅਧੀਨ ਲਿਆਂਦਾ ਜਾਵੇ ਅਤੇ ਐੱਨ. ਜੀ. ਓ. ਅਧੀਨ ਚੱਲਦੇ ਬਾਕੀ ਬਲਾਕਾਂ ਨੂੰ ਵਿਭਾਗ 'ਚ ਸ਼ਾਮਲ ਕੀਤਾ ਜਾਵੇ। ਇਸ ਮੌਕੇ 'ਤੇ ਚੰਚਲ ਕੁਮਾਰੀ, ਸਤਿੰਦਰਪਾਲ ਕੌਰ, ਵਿੱਦਿਆ ਦੇਵੀ, ਹਰਪ੍ਰੀਤ ਕੌਰ, ਸੁਖਬੀਰ ਕੌਰ, ਨਿਰਮਲ ਕੌਰ, ਗੁਰਿੰਦਰ ਕੌਰ, ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।