ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ DC ਦਫਤਰ ਅੱਗੇ ਦਿੱਤਾ ਧਰਨਾ

10/12/2021 8:18:47 PM

ਸੰਗਰੂਰ (ਸਿੰਗਲਾ)- ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਬਲਜੀਤ ਕੌਰ ਸਿੱਧੂ ਪੇਧਨੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਸੰਗਰੂਰ ਸ਼ਹਿਰ ’ਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਮੇਨ ਗੇਟ ਅੱਗੇ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਪੇਧਨੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਕੈਪਟਨ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਅਤੇ ਨਾ ਹੀ ਮੁੱਖ ਮੰਤਰੀ ਨੇ ਕਿਸੇ ਜਥੇਬੰਦੀ ਦੀ ਕੋਈ ਗੱਲ ਸੁਣੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡੀਆਂ ਆਸਾਂ ਸਨ ਪਰ ਚੰਨੀ ਨੇ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਜਿਸ ਕਰ ਕੇ ਪੰਜਾਬ ਭਰ ’ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਥਾਂ-ਥਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਧਰਨੇ ਲਾ ਕੇ ਸਰਕਾਰ ਨੂੰ ਆਪਣੀਆਂ ਮੰਗਾਂ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ।

PunjabKesari

ਬੀਬੀ ਬਲਜੀਤ ਕੌਰ ਪੇਧਨੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ , ਹੈਲਪਰ ਨੂੰ ਚੌਥੇ ਦਰਜੇ ਦਾ ਗਰੇਡ ਦਿੱਤਾ ਜਾਵੇ, ਜਿਨ੍ਹਾਂ ਆਂਗਣਵਾੜੀ ਵਰਕਰਾਂ ਨੇ ਐੱਨ.ਟੀ.ਟੀ., ਈ.ਟੀ.ਆਈ., ਬੀ.ਐੱਡ. ਕੀਤੀ ਹੈ, ਉਨ੍ਹਾਂ ਦੀ ਉਮਰ ਦੀ ਹੱਦ ਖ਼ਤਮ ਕਰ ਕੇ ਤਜਰਬੇ ਅਨੁਸਾਰ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇ ਤੇ ਆਂਗਣਵਾੜੀ ਕੇਂਦਰ ’ਚ ਰਾਸ਼ਨ ਬਣਨਾ ਯਕੀਨੀ ਬਣਾਇਆ ਜਾਵੇ, ਸਰਕਲ ਮੀਟਿੰਗ ਦੇ ਟੀ.ਏ. ਅਤੇ ਡੀ.ਏ. ’ਚ ਵਾਧਾ ਕੀਤਾ ਜਾਵੇ, ਰਾਸ਼ਨ ਬਣਾਉਣ ਲਈ ਗੈਸ ਸਿਲੰਡਰ ਦੇ ਰੁਪਏ ਮਹੀਨੇ ਦੀ ਮਹੀਨੇ ਦਿੱਤੇ ਜਾਣ।

ਧਰਨੇ ਦੇ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੂੰ ਮੰਗ-ਪੱਤਰ ਦੇਣ ਲਈ ਬੁਲਾਇਆ ਗਿਆ। ਡੀ ਸੀ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਆਂਗਣਵਾੜੀ ਵਰਕਰਾਂ ਦਾ ਮੰਗ ਪੱਤਰ ਲੈਣ ਉਪਰੰਤ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਮੰਗ-ਪੱਤਰ ਮੁੱਖ ਮੰਤਰੀ ਪੰਜਾਬ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।

PunjabKesari

ਇਸ ਮੌਕੇ ਪਰਮਜੀਤ ਕੌਰ ਰਾਜੋਮਾਜਰਾ, ਅੰਮ੍ਰਿਤ ਲਹਿਰਾ, ਪਰਮਜੀਤ ਕੌਰ ਰੂੜਗੜ੍ਹ, ਸੰਤੋਸ਼ ਸ਼ਰਮਾ, ਪਰਮਜੀਤ ਕੌਰ ਖੇੜੀ, ਜਸਪਾਲ ਦੇਵੀ ਕਾਂਝਲਾ, ਸੁਖਵਿੰਦਰ ਕੁਮਾਰੀ, ਕਿਰਨਾ ਮਹਿਲਾ, ਹਰਮੇਸ਼ ਕੌਰ, ਬਲਬੀਰ ਕੌਰ, ਹੰਸ ਕੌਰ, ਸਰੋਜ ਬਾਲਾ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਨਿਰਮਲ ਕੌਰ,ਅੰਮ੍ਰਿਤਪਾਲ ਕੌਰ, ਪਰਮਜੀਤ ਕੌਰ ਰਟੋਲਾਂ, ਨਰੇਸ਼ ਕੁਮਾਰੀ, ਕਿਰਨ ਬਾਲਾ, ਨਿਰਲੇਪ ਕੌਰ, ਮਹਿੰਦਰ ਕੌਰ ਧੂਰੀ, ਪਿੰਕੀ ਧੂਰੀ, ਸੁਖਵਿੰਦਰ ਚੂਹੜ ਕਲਾਂ, ਰਜਿੰਦਰ ਖੜਿਆਲ, ਨਰਿੰਦਰ ਕੌਰ ਕਮਾਲਪੁਰਾ, ਕਰਮਜੀਤ ਸੁਨਾਮ, ਜਸਵਿੰਦਰ ਲਹਿਰਾ, ਜਸਪਾਲ ਕੌਰ, ਵਾਸਵੀਰ ਸਿੰਘ ਭੁੱਲਰ, ਸੁਖਦੀਪ ਕੌਰ ਚੰਗਾਲ, ਹਰਜਿੰਦਰ ਕੌਰ ਚੰਗਾਲ, ਰਾਜੋਮਾਜਰਾ ਭਰਾਤਰੀ ਜਥੇਬੰਦੀ ਵੱਲੋਂ ਆਗੂਆਂ ਸਮੇਤ ਹਾਜ਼ਰ ਸਨ ।


Bharat Thapa

Content Editor

Related News