ਮੰਤਰੀ ਅਰੁਣਾ ਚੌਧਰੀ ਦੇ ਘਰ ਮਾਰਚ ’ਚ ਰੱਖੀ ਜਾਵੇਗੀ ਭੁੱਖ ਹੜਤਾਲ : ਹਰਗੋਬਿੰਦ ਕੌਰ
Wednesday, Feb 05, 2020 - 11:38 AM (IST)
ਮੋਹਾਲੀ, ਮੁਕਤਸਰ (ਨਿਆਮੀਆਂ, ਸੁਖਪਾਲ ਢਿੱਲੋਂ, ਪਵਨ ਤਨੇਜਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਤੇ ਹੱਕੀ ਮੰਗਾਂ ਅਤੇ ਹੋਰ ਮਸਲਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਆਂਗਣਵਾੜੀ ਯੂਨੀਅਨ ਵਲੋਂ ਬੀਤੇ ਦਿਨ ਚੰਡੀਗੜ੍ਹ ਸਥਿਤ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਅੱਗੇ 34-ਸੈਕਟਰ ’ਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਜ਼ਿਲਿਆਂ ਤੋਂ ਆਈਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਟਾਲਮਟੋਲ ਕਰ ਰਹੀ ਹੈ। ਜਿਹੜੀਆਂ ਮੰਗਾਂ ਡਾਇਰੈਕਟਰ ਪੱਧਰ ਨਾਲ ਸਬੰਧਤ ਹਨ, ਨੂੰ ਵੀ ਪਿਛਲੇ 7 ਮਹੀਨਿਆਂ ਤੋਂ ਲਾਰਿਆਂ ’ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਕੋਈ ਵੀ ਗੱਲ ਨਾ ਸਰਕਾਰ ਸੁਣ ਰਹੀ ਹੈ ਅਤੇ ਨਾ ਹੀ ਵਿਭਾਗ ਦੇ ਡਾਇਰੈਕਟਰ, ਜਿਸ ਕਰਕੇ ਯੂਨੀਅਨ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਵਰਕਰ ਨੂੰ ਹਰ ਮਹੀਨੇ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਦੇ ਉਹ ਪੈਸੇ ਰਿਲੀਜ਼ ਕਰੇ, ਜੋ ਕੇਂਦਰ ਸਰਕਾਰ ਨੇ ਵਧਾਏ ਸਨ ਤੇ ਪੰਜਾਬ ਸਰਕਾਰ ਨੱਪੀ ਬੈਠੀ ਹੈ। ਪਿਛਲੇ 2 ਸਾਲਾਂ ਤੋਂ ਪੋਸ਼ਣ ਅਭਿਆਨ ਦੇ ਜੋ ਪੈਸੇ ਕ੍ਰਮਵਾਰ 500 ਤੇ 250 ਰੋਕੇ ਹੋਏ ਹਨ, ਤੁਰੰਤ ਜਾਰੀ ਕੀਤੇ ਜਾਣ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮਾਤਰਮ ਯੋਜਨਾ ਦੇ ਪੈਸੇ ਦਿੱਤੇ ਜਾਣ, ਜੋ 2 ਸਾਲਾਂ ਤੋਂ ਨਹੀਂ ਮਿਲੇ। ਪਿਛਲੇ 4 ਸਾਲਾਂ ਤੋਂ ਸੁਪਰਵਾਈਜ਼ਰਾਂ ਦੀ ਭਰਤੀ ਦਾ ਲਟਕ ਰਿਹਾ ਕੰਮ ਨੇਪਰੇ ਚਾੜ੍ਹਿਆ ਜਾਵੇ। ਐੱਨ. ਜੀ. ਓ. ਦੇ ਅਧੀਨ ਕੰਮ ਕਰਦੀਆਂ ਵਰਕਰਾਂ ਦੇ ਕੇਂਦਰਾਂ ਦੇ ਕਿਰਾਏ ਪਿਛਲੇ 2 ਸਾਲਾਂ ਤੋਂ ਨਹੀਂ ਦਿੱਤੇ ਗਏ, ਉਹ ਵਰਕਰਜ਼ ਆਪਣੇ ਪੱਲੇ ਤੋਂ ਭਰ ਰਹੀਆਂ ਹਨ, ਨਾ ਹੀ ਉਨ੍ਹਾਂ ਨੂੰ 2 ਸਾਲਾਂ ਦਾ ਵਰਦੀ ਭੱਤਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀ ਮੰਨਦੀ, ਓਨਾ ਚਿਰ ਯੂਨੀਅਨ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਹਰਗੋਬਿੰਦ ਕੌਰ ਨੇ ਐਲਾਨ ਕੀਤਾ ਕਿ ਵਿਭਾਗ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਦੇ ਘਰ ਅੱਗੇ ਉਨ੍ਹਾਂ ਦੇ ਸ਼ਹਿਰ ਦੀਨਾਨਗਰ ਵਿਖੇ ਲੜੀਵਾਰ ਭੁੱਖ ਹੜਤਾਲ ਮਾਰਚ ਦੇ ਮਹੀਨੇ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੀਆਂ ਆਗੂਆਂ ਵਲੋਂ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦੇ ਨਾਮ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਨੰਗਲ, ਬਲਵੀਰ ਕੌਰ ਮਾਨਸਾ, ਦਲਜੀਤ ਕੌਰ ਬਰਨਾਲਾ, ਗੁਰਅੰਮ੍ਰਿਤ ਲੁਧਿਆਣਾ, ਸ਼ਿੰਦਰਪਾਲ ਕੌਰ ਭਗਤਾ, ਸਤਵੰਤ ਕੌਰ ਭੋਗਪੁਰ ਆਦਿ ਆਗੂ ਮੌਜੂਦ ਸਨ।