ਪੰਜਾਬ ''ਚ ਅਨੰਦ ਮੈਰਿਜ ਐਕਟ ਲਾਗੂ, ਆਮ ਲੋਕਾਂ ਨੂੰ ਨਹੀਂ ਜਾਣਕਾਰੀ

Monday, Mar 26, 2018 - 07:20 AM (IST)

ਪੰਜਾਬ ''ਚ ਅਨੰਦ ਮੈਰਿਜ ਐਕਟ ਲਾਗੂ, ਆਮ ਲੋਕਾਂ ਨੂੰ ਨਹੀਂ ਜਾਣਕਾਰੀ

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਇਕ ਪਾਸੇ ਜਿਥੇ ਪਿਛਲੇ ਲੰਮੇ ਸਮੇਂ ਤੋਂ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਲਈ ਕਈ ਰਾਜਨੀਤਿਕ ਪਾਰਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਮਾਮਲਾ ਚੁੱਕਿਆ ਜਾ ਰਿਹਾ ਸੀ, ਉਥੇ ਹੀ ਹੁਣ ਦੂਸਰੇ ਪਾਸੇ ਪੰਜਾਬ 'ਚ ਅਨੰਦ ਮੈਰਿਜ ਐਕਟ ਲਾਗੂ ਹੋਣ ਉਪਰੰਤ ਵੀ ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਸਿੱਖ ਰੀਤੀ- ਰਿਵਾਜਾਂ ਅਨੁਸਾਰ ਹੋਏ ਵਿਆਹ ਨੂੰ ਅਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਲਈ ਨਿਆਂ ਵਿਭਾਗ ਦੇ ਪੱਤਰ ਉਪਰੰਤ ਹੁਣ ਇਸ ਐਕਟ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਸਬੰਧੀ 19 ਦਸੰਬਰ, 2016 ਨੂੰ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ ਪਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਦੇ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਉਨ੍ਹਾਂ ਨੂੰ ਹਿੰਦੂ ਮੈਰਿਜ ਐਕਟ ਤੋਂ ਬਾਹਰ ਕੱਢਿਆ ਜਾਵੇ ਅਤੇ ਉਹ ਵਿਆਹ ਤਾਂ ਸਿੱਖ ਰੀਤੀ-ਰਿਵਾਜਾਂ ਅਨੁਸਾਰ ਕਰਦੇ ਹਨ ਪਰ ਵਿਆਹ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਤਹਿਤ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰ ਕੇ ਹੀ ਅਕਾਲੀ ਸਰਕਾਰ ਸਮੇਂ ਇਹ ਨਿਯਮ ਲਾਗੂ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2012 ਦੌਰਾਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿੱਖਾਂ ਦਾ ਵਿਆਹ ਅਨੰਦ ਮੈਰਿਜ ਐਕਟ ਤਹਿਤ ਲਾਗੂ ਕਰਨ ਦਾ ਰਸਤਾ ਸਾਫ ਕਰ ਦਿੱਤਾ ਸੀ। ਇਕੱਤਰ ਜਾਣਕਾਰੀ ਅਨੁਸਾਰ 1909 'ਚ ਲਾਗੂ ਹੋਏ ਅਨੰਦ ਮੈਰਿਜ ਐਕਟ 'ਚ ਵਿਆਹ ਰਜਿਸਟਰਡ ਕਰਵਾਉਣ ਦਾ ਮਾਮਲਾ ਇਸ 'ਚ ਸ਼ਾਮਲ ਨਹੀਂ ਸੀ ਅਤੇ ਇਸ ਐਕਟ 'ਚ ਰਜਿਸਟ੍ਰੇਸ਼ਨ ਨਿਯਮ ਨਾ ਹੋਣ ਕਾਰਨ ਹੀ ਸਿੱਖਾਂ ਨੂੰ ਵਿਆਹ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਤਹਿਤ ਕਰਵਾਉਣੀ ਪੈ ਰਹੀ ਸੀ। ਹੁਣ ਐਕਟ ਅਨੁਸਾਰ ਜਿਸ ਸ਼ਹਿਰ ਜਾਂ ਪਿੰਡ 'ਚ ਅਨੰਦ ਕਾਰਜ ਦੀ ਰਸਮ ਹੋਈ ਹੈ, ਉਸ ਖੇਤਰ ਦੇ ਅਧਿਕਾਰੀ ਕੋਲ ਅਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ 2016 ਦੌਰਾਨ ਪਾਸ ਹੋਏ ਕਾਨੂੰਨ ਤਹਿਤ ਅਪਲਾਈ ਕੀਤਾ ਜਾ ਸਕਦਾ ਹੈ।


Related News