ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਕੁੱਲ 56.35 ਫ਼ੀਸਦੀ ਹੋਈ ਵੋਟਿੰਗ

05/19/2019 5:43:39 PM

ਅੰਮ੍ਰਿਤਸਰ (ਸੰਜੀਵ) :  ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ ਤਹਿਤ ਗੁਰੂ ਨਗਰੀ 'ਚ 56.35 ਫ਼ੀਸਦੀ ਵੋਟਿੰਗ ਦੇ ਨਾਲ ਚੋਣ ਸ਼ਾਂਤੀਪੂਰਵਕ ਸੰਪੰਨ ਹੋ ਗਈ ਅਤੇ ਵੋਟਰਾਂ ਨੇ ਚੋਣ ਮੈਦਾਨ 'ਚ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਵਿਚ ਬੰਦ ਕਰ ਦਿੱਤੀ। ਹਾਲਾਤ ਇਹ ਰਹੇ ਕਿ ਕੁਲ 1500940 'ਚੋਂ 7 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਹੀ ਨਹੀਂ ਕੀਤਾ, ਜਦੋਂ ਕਿ ਇਸ ਵਾਰ ਕੇਂਦਰੀ ਚੋਣ ਕਮਿਸ਼ਨ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ ਪਰ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਹੁੰਦੀ ਨਜ਼ਰ ਨਹੀਂ ਆਈ। ਆਮ ਜਨਤਾ ਦੇ ਮਨ 'ਚ ਮੌਜੂਦਾ ਅਤੇ ਸਾਬਕਾ ਸਰਕਾਰ ਪ੍ਰਤੀ ਨਿਰਾਸ਼ਾ ਦਾ ਵੀ ਇਹ ਇਕ ਵੱਡਾ ਸਬੂਤ ਹੈ।

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਬਣਾਏ ਗਏ 1601 ਪੋਲਿੰਗ ਬੂਥਾਂ 'ਚ ਸਵੇਰੇ 7 ਵਜੇ ਤੋਂ ਹੀ ਸੁਰੱਖਿਆ ਪ੍ਰਬੰਧ ਪੁਖਤਾ ਨਜ਼ਰ ਆਏ ਅਤੇ ਸਰਵੀਲਾਂਸ ਟੀਮਾਂ ਅਤੇ ਖੁਦ ਚੋਣ ਆਬਜ਼ਰਵਰ ਵੀ ਚੈਕਿੰਗ ਕਰਦੇ ਨਜ਼ਰ ਆਏ। ਜ਼ਿਲਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਜ਼ਿਲਾ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਵੀ ਕਈ ਪੋਲਿੰਗ ਬੂਥਾਂ 'ਚ ਅਚਾਨਕ ਨਿਰੀਖਣ ਕੀਤਾ। ਪੁਲਸ ਦੇ ਵਾਹਨ ਵੀ ਸਾਰਾ ਦਿਨ ਸੰਵੇਦਨਸ਼ੀਲ ਇਲਾਕਿਆਂ 'ਚ ਗਸ਼ਤ ਕਰਦੇ ਰਹੇ ਪਰ ਵੋਟਰਾਂ ਵਿਚ ਉਹੋ-ਜਿਹਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ, ਜਿੰਨਾ ਵਿਧਾਨ ਸਭਾ ਚੋਣਾਂ ਜਾਂ ਨਿਗਮ ਚੋਣਾਂ 'ਚ ਦੇਖਣ ਨੂੰ ਮਿਲਦਾ ਹੈ। ਦੁਪਹਿਰ ਦੇ ਸਮੇਂ ਤਾਂ ਪੋਲਿੰਗ ਬੂਥਾਂ 'ਤੇ ਆਉਣ ਵਾਲੇ ਵੋਟਰਾਂ ਦੀ ਗਿਣਤੀ 10 ਫ਼ੀਸਦੀ ਤੱਕ ਹੀ ਦੇਖਣ ਨੂੰ ਮਿਲੀ। ਸ਼ਾਮ 6 ਵਜੇ ਤੱਕ ਤਾਂ ਜ਼ਿਆਦਾਤਰ ਪੋਲਿੰਗ ਬੂਥਾਂ 'ਚ ਰਾਜਨੀਤਕ ਦਲਾਂ ਨੇ ਆਪਣੇ ਟੈਂਟ ਤੱਕ ਉਠਾ ਲਏ ਸਨ।

ਅਜਨਾਲਾ 'ਚ ਸਭ ਤੋਂ ਵੱਧ, ਅਟਾਰੀ 'ਚ ਸਭ ਤੋਂ ਘੱਟ ਹੋਈ ਵੋਟਿੰਗ

ਲੋਕ ਸਭਾ ਚੋਣਾਂ ਤਹਿਤ ਵੋਟਾਂ ਵਾਲੇ ਦਿਨ ਪ੍ਰਸ਼ਾਸਨ ਵੱਲੋਂ ਜ਼ਿਲੇ 'ਚ ਕੁਲ 517 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਸੀ, ਜਿਨ੍ਹਾਂ 'ਚ ਅਜਨਾਲਾ, ਰਾਜਾਸਾਂਸੀ ਅਤੇ ਮਜੀਠਾ ਹਲਕੇ 'ਚ ਸਭ ਤੋਂ ਵੱਧ ਸੰਵੇਦਨਸ਼ੀਲ ਪੋਲਿੰਗ ਬੂਥ ਸਨ ਪਰ ਸਭ ਤੋਂ ਵੱਧ ਵੋਟਿੰਗ ਅਜਨਾਲਾ ਹਲਕੇ 'ਚ ਹੋਈ। ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਅਜਨਾਲਾ ਵਿਚ ਸਭ ਤੋਂ ਵੱਧ 66 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ, ਜਦੋਂ ਕਿ ਅਟਾਰੀ 'ਚ ਸਭ ਤੋਂ ਘੱਟ 49 ਫ਼ੀਸਦੀ ਮਤਦਾਨ ਹੋਇਆ।

ਕਿਥੇ ਕਿੰਨੀ ਹੋਈ ਵੋਟਿੰਗ?
- ਅਜਨਾਲਾ :        66 ਫ਼ੀਸਦੀ
- ਰਾਜਾਸਾਂਸੀ               : 64.56 ਫ਼ੀਸਦੀ
- ਮਜੀਠਾ               : 63.32 ਫ਼ੀਸਦੀ
- ਅੰਮ੍ਰਿਤਸਰ ਉੱਤਰੀ : 57.92 ਫ਼ੀਸਦੀ
- ਅੰਮ੍ਰਿਤਸਰ ਪੱਛਮੀ       : 49.24 ਫ਼ੀਸਦੀ
- ਅੰਮ੍ਰਿਤਸਰ ਕੇਂਦਰੀ       : 57.03 ਫ਼ੀਸਦੀ
- ਅੰਮ੍ਰਿਤਸਰ ਪੂਰਬੀ        : 52.45 ਫ਼ੀਸਦੀ
- ਅੰਮ੍ਰਿਤਸਰ ਦੱਖਣੀ :       49.62 ਫ਼ੀਸਦੀ
- ਅਟਾਰੀ ਹਲਕਾ        : 49 ਫ਼ੀਸਦੀ


ਪਿੰਕ ਬੂਥਾਂ 'ਤੇ ਕੀਤੀ ਗਈ ਸੀ ਸ਼ਾਨਦਾਰ ਸਜਾਵਟ

ਪ੍ਰਸ਼ਾਸਨ ਵੱਲੋਂ 110 ਮਾਡਲ ਪੋਲਿੰਗ ਬੂਥ ਅਤੇ 11 ਪਿੰਕ ਬੂਥ ਬਣਾਏ ਗਏ ਸਨ। ਇਨ੍ਹਾਂ ਪਿੰਕ ਬੂਥਾਂ 'ਤੇ ਪੋਲਿੰਗ ਅਤੇ ਸੁਰੱਖਿਆ ਲਈ ਮਹਿਲਾ ਸਟਾਫ ਤਾਇਨਾਤ ਕੀਤਾ ਗਿਆ ਸੀ। ਪਿੰਕ ਬੂਥਾਂ 'ਤੇ ਸ਼ਾਨਦਾਰ ਸਜਾਵਟ ਕੀਤੀ ਗਈ ਸੀ ਤਾਂ ਕਿ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਪਿੰਕ ਬੂਥ ਅਜਨਾਲਾ ਸਰਕਾਰੀ ਐਲੀਮੈਂਟਰੀ ਸਕੂਲ, ਰਾਜਾਸਾਂਸੀ ਹਲਕੇ 'ਚ ਐਲੀਮੈਂਟਰੀ ਸਕੂਲ ਰਾਮਤੀਰਥ, ਮਜੀਠਾ 'ਚ ਐਲੀਮੈਂਟਰੀ ਸਕੂਲ ਕਾਜੀਕੋਟ, ਜੰਡਿਆਲਾ 'ਚ ਸਰਕਾਰੀ ਸੀਨੀ. ਸੈਕੰ. (ਲੜਕੇ), ਅੰਮ੍ਰਿਤਸਰ ਉੱਤਰੀ 'ਚ ਖਾਲਸਾ ਕਾਲਜ ਆਫ ਐਜੂਕੇਸ਼ਨ ਸੀ-ਬਲਾਕ ਰਣਜੀਤ ਐਵੀਨਊ, ਅੰਮ੍ਰਿਤਸਰ ਪੱਛਮੀ ਵਾਲਾ 'ਚ ਦਸਮੇਸ਼ ਫੌਜੀ ਪਬਲਿਕ ਸਕੂਲ ਕਬੀਰ ਪਾਰਕ, ਅੰਮ੍ਰਿਤਸਰ ਕੇਂਦਰੀ 'ਚ ਏ. ਬੀ. ਮਾਡਲ ਸਕੂਲ ਕਿਸ਼ਨਕੋਟ, ਅੰਮ੍ਰਿਤਸਰ ਪੂਰਬੀ 'ਚ ਗੁਲਮੋਹਰ ਪਬਲਿਕ ਸਕੂਲ ਗੋਬਿੰਦ ਨਗਰ ਸੁਲਤਾਨਵਿੰਡ, ਅੰਮ੍ਰਿਤਸਰ ਦੱਖਣ 'ਚ ਅੰਮ੍ਰਿਤਸਰ ਸੀਨੀ. ਸੈਕੰ. ਸਕੂਲ ਚੌਕਚਿੜਾ, ਅਟਾਰੀ 'ਚ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਅਤੇ ਬਾਬਾ ਬਕਾਲਾ 'ਚ ਸ਼ਹੀਦ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ 'ਚ ਬਣਾਏ ਗਏ ਸਨ ਪਰ ਪਿੰਕ ਬੂਥ ਵੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕੇ।


Baljeet Kaur

Content Editor

Related News