SGPC ਨਵੇਂ ਸਾਲ 'ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਦੇਵੇਗੀ ਤੋਹਫਾ

Thursday, Dec 26, 2019 - 12:35 PM (IST)

SGPC ਨਵੇਂ ਸਾਲ 'ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਦੇਵੇਗੀ ਤੋਹਫਾ

ਅੰਮ੍ਰਿਤਸਰ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਨਵੇਂ ਸਾਲ ਮੌਕੇ ਸ਼੍ਰੋਮਣੀ ਕਮੇਟੀ ਇਕ ਹੋਰ ਤੋਹਫਾ ਦੇਣ ਜਾ ਰਹੀ ਹੈ।  ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਹੁਣ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਟਰਮੀਨਲ ਤਕ ਸ਼ਰਧਾਲੂਆਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵਲੋਂ ਡੇਰਾ ਬਾਬਾ ਨਾਨਕ ਕਸਬੇ ਤੋਂ ਟਰਮੀਨਲ ਤਕ ਯਾਤਰੂਆਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ। ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਮਗਰੋਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ।

ਇਸ ਸਬੰਧੀ ਇਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਹ ਮੁਫਤ ਬੱਸ ਸੇਵਾ ਨਵੇਂ ਵਰ੍ਹੇ ਤੋਂ ਆਰੰਭ ਕਰ ਦਿੱਤੀ ਜਾਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਇਕ ਨਵੀਂ 45 ਸੀਟਾਂ ਵਾਲੀ ਏਸੀ ਬੱਸ ਖਰੀਦੀ ਜਾ ਰਹੀ ਹੈ। ਨਵੀਂ ਬੱਸ ਦੇ ਆਉਣ ਤੱਕ ਇਸ ਬੱਸ ਸੇਵਾ ਲਈ ਆਰਜ਼ੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਸੰਸਥਾ ਕੋਲ ਕੁਝ ਬੱਸਾਂ ਹਨ, ਜਿਨ੍ਹਾਂ 'ਚੋਂ ਇੱਕ ਬੱਸ ਨੂੰ ਆਰਜ਼ੀ ਤੌਰ 'ਤੇ ਨਵੇਂ ਵਰ੍ਹੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਬੱਸ ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਰਦੁਆਰਾ ਸਾਰਾਗੜ੍ਹੀ ਤੋਂ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਚੱਲੇਗੀ ਅਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰਨ ਮਗਰੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਮੁੜ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਅੰਮ੍ਰਿਤਸਰ ਲੈ ਕੇ ਆਵੇਗੀ।

ਸ੍ਰੀ ਕਰਤਾਰਪੁਰ ਸਹਿਬ ਦੀ ਯਾਤਰਾ ਸ਼ੁਰੂ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ ਅਤੇ ਹਰਿਆਣਾ ਦੇ ਲਗਪਗ 36 ਗੁਰਦੁਆਰਿਆਂ ਵਿਚ ਵਿਸ਼ੇਸ਼ 'ਹੈਲਪ ਕਾਊਂਟਰ' ਸ਼ੁਰੂ ਕੀਤੇ ਗਏ ਹਨ, ਜਿੱਥੇ ਗੁਰਦੁਆਰਾ ਕਰਤਾਰਪੁਰ ਜਾਣ ਦੇ ਇੱਛੁਕ ਸ਼ਰਧਾਲੂਆਂ ਦੇ ਆਨਲਾਈਨ ਫਾਰਮ ਮੁਫ਼ਤ ਭਰੇ ਜਾਂਦੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਕਰਤਾਰਪੁਰ ਵਿੱਚ ਗੁਰਬਾਣੀ ਕੀਰਤਨ ਵਾਸਤੇ ਰਾਗੀ ਜਥੇ ਭੇਜਣ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਰਾਗੀਆਂ ਦਾ ਪੱਕਾ ਵੀਜ਼ਾ ਲੈਣ ਵਾਸਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਜੇਕਰ ਰਾਗੀ ਜਥਿਆਂ ਨੂੰ ਦਸ ਦਿਨ ਦਾ ਵੀਜ਼ਾ ਮਿਲ ਜਾਵੇ ਤਾਂ ਉਹ ਪੱਕੇ ਤੌਰ 'ਤੇ ਦਸ ਦਿਨ ਉੱਥੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਅ ਸਕਣਗੇ। ਇਸੇ ਤਰਜ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਉਥੇ ਲੰਗਰ ਦਾ ਪ੍ਰਬੰਧ ਕਰਨ ਵਾਸਤੇ ਅਮਲਾ ਭੇਜਣ ਦੀ ਵੀ ਯੋਜਨਾ ਹੈ।
 


author

Baljeet Kaur

Content Editor

Related News