ਹਲਕੀ-ਹਲਕੀ ਕਿਣ-ਮਿਣ 'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ

Wednesday, Jul 22, 2020 - 12:35 PM (IST)

ਹਲਕੀ-ਹਲਕੀ ਕਿਣ-ਮਿਣ 'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ

ਅੰਮ੍ਰਿਤਸਰ (ਅਨਜਾਣ) : ਅੰਮ੍ਰਿਤ ਵੇਲੇ ਤੋਂ ਹੋ ਰਹੀ ਹਲਕੀ-ਹਲਕੀ ਕਿਣ-ਮਿਣ ਤੇ ਠੰਢੇ-ਠੰਢੇ ਸੁਹਾਵਣੇ ਮੌਸਮ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ। ਭਾਵੇਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਨਹੀਂ ਹੋ ਸਕੀਆਂ ਪਰ ਰੋਜ਼ਾਨਾ ਨੇਮ ਨਾਲ ਆਉਣ ਵਾਲੀਆਂ ਸੰਗਤਾਂ ਹਰ ਹੀਲੇ ਹਾਜ਼ਰੀ ਭਰਨ ਜ਼ਰੂਰ ਆਉਂਦੀਆਂ ਹਨ। ਰਾਤ ਤੋਂ ਦਰਸ਼ਨੀ ਡਿਓੜੀ ਦੇ ਬਾਹਰ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਤੇ ਸਵੇਰੇ ਤੜਕਸਾਰ ਖੁੱਲ੍ਹਦਿਆਂ ਹੀ ਬੇਨਤੀ ਰੂਪੀ ਸ਼ਬਦ ਪੜ੍ਹਦਿਆਂ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜੀਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਸਾਹਿਬ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਰਾਜਮਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। 

ਇਹ ਵੀ ਪੜ੍ਹੋਂ :  ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਭੇਜਿਆ ਮਾਨਹਾਨੀ ਨੋਟਿਸ

PunjabKesariਸੰਗਤਾਂ ਦੇ ਸਵੱਯੇ ਉਚਾਰਣ ਕਰਨ ਉਪਰੰਤ ਗ੍ਰੰਥੀ ਸਿੰਘ ਵਲੋਂ ਸੰਗਤਾਂ ਨੂੰ ਮੁਖ ਵਾਕ ਸਰਵਣ ਕਰਵਾਇਆ ਗਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਛਕੇ, ਪਰਿਕਰਮਾ ਦੇ ਇਸ਼ਨਾਨ ਦੀ ਸੇਵਾ, ਸਰੋਵਰ ਦੀ ਸਫ਼ਾਈ ਦੀ ਸੇਵਾ, ਜੋੜੇ ਘਰ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕਰਨ ਉਪਰੰਤ ਲੰਗਰ ਛਕ ਕੇ ਤ੍ਰਿਪਤ ਹੋਈਆਂ ਤੇ ਠੰਢੇ ਮੌਸਮ 'ਚ ਗਰਮਾ-ਗਰਮ ਚਾਹ ਦਾ ਆਨੰਦ ਮਾਣਿਆਂ। ਸ਼ਾਮ ਨੂੰ ਸ੍ਰੀ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ ਤੇ ਰਾਤ ਨੂੰ ਸੁਖਆਸਣ ਸਮੇਂ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਿਰਾਜਮਾਨ ਕੀਤਾ ਗਿਆ।

ਇਹ ਵੀ ਪੜ੍ਹੋਂ : ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ

ਗੁਰਦੁਆਰਾ ਲਾਚੀ ਬੇਰ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ 
ਕੋਰੋਨਾ ਲਾਗ ਤੋਂ ਨਿਜਾਤ ਦਿਵਾਉਣ ਲਈ ਗੁਰਦੁਆਰਾ ਲਾਚੀ ਬੇਰ ਸਾਹਿਬ ਵਿਖੇ ਸੰਗਤਾਂ ਵਲੋਂ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਮਹਾਮਾਰੀ ਦੇ ਇਸ ਭਿਆਨਕ ਦੌਰ 'ਚ ਨਾਮੁ ਬਾਣੀ ਨਾਲ ਜੁੜਨ ਤੇ ਵਿਸ਼ਵ ਦੇ ਭਲੇ ਲਈ ਹਮੇਸ਼ਾਂ ਤੱਤਪਰ ਰਹਿਣ ਲਈ ਪ੍ਰੇਰਿਆ। ਗ੍ਰੰਥੀ ਸਿੰਘ ਨੇ ਕਿਹਾ ਕਿ ਜਦ ਸਾਰੇ ਹੀਲੇ ਵਸੀਲੇ ਖ਼ਤਮ ਹੋ ਜਾਂਦੇ ਨੇ ਤਾਂ ਇਕ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ। ਇਸ ਲਈ ਹਰ ਮਨੁੱਖ ਨੂੰ ਹਰ ਦੁੱਖ-ਸੁੱਖ ਦੇ ਸਮੇਂ ਪ੍ਰਮਾਤਾਮਾ ਦਾ ਨਾਮ ਲੈਂਦੇ ਰਹਿਣਾ ਚਾਹੀਦਾ ਹੈ। ਅਕਸਰ ਅਸੀਂ ਜਦ ਸੁੱਖ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦੇ ਹਾਂ ਤਾਂ ਹੀ ਦੁੱਖ ਪਾਉਂਦੇ ਹਾਂ। ਸਵਾਸ-ਸਵਾਸ ਨਾਮ ਜਪਣ ਦੇ ਨਾਲ ਹਮੇਸ਼ਾਂ ਸਭ ਦਾ ਭਲਾ ਲੋਚਣ ਵਾਲਾ ਮਨੁੱਖ ਕਦੇ ਦੁਖੀ ਨਹੀਂ ਹੁੰਦਾ। ਸਰਬੱਤ ਦੇ ਭਲੇ ਵਿੱਚ ਹੀ ਸਾਡਾ ਆਪਣਾ ਭਲਾ ਸਮਾਇਆ ਹੋਇਆ ਹੈ।


author

Baljeet Kaur

Content Editor

Related News