ਮੋਹਲੇਧਾਰ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸੰਗਤਾਂ ਹੋਈਆਂ ਨਿਹਾਲ

07/20/2020 12:29:18 PM

ਅੰਮ੍ਰਿਤਸਰ (ਅਨਜਾਣ) : ਮੋਹਲੇਧਾਰ ਮੀਂਹ 'ਚ ਵੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ। ਤਿਨ ਪਹਿਰ ਰਾਤ ਤੋਂ ਲੈ ਕੇ ਸਵੇਰ ਵੇਲੇ ਤੱਕ ਮੀਂਹ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਤੇ ਹਨੇਰੀ 'ਚ ਵੀ ਸੰਗਤਾਂ ਦਰਸ਼ਨੀ ਡਿਓੜੀ ਦੇ ਬਾਹਰ ਬੈਠੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਰੰਤਰ ਕਰਦੀਆਂ ਰਹੀਆਂ। ਇਸ ਸੁਹਾਵਣੇ ਮੌਸਮ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਸਵਰਗ ਜਾਪ ਰਿਹਾ ਸੀ। ਕਿਵਾੜ ਖੁੱਲ੍ਹਦਿਆਂ ਹੀ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਬੇਨਤੀ ਰੂਪੀ ਸ਼ਬਦਾਂ ਦਾ ਜੱਸ ਗਾਇਣ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਉਂ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਾਹਿਬ 'ਚ ਸਜਾਉਣ ਲਈ ਲਿਆਂਦਾ ਗਿਆ ਸੰਗਤਾਂ ਨੇ ਗੁਲਾਬ ਦੀਆਂ ਪੰਖੜੀਆਂ ਦੀ ਵਰਖਾ ਕੀਤੀ ਤੇ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ।

PunjabKesariਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸਾਰੇ ਦਿਨ ਦੀ ਮਰਯਾਦਾ ਤਿਨ ਪਹਿਰੇ ਵਾਲੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਰਲ ਮਿਲ ਕੇ ਸੰਭਾਲੀ। ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਦਾ ਉਚਾਰਣ ਕੀਤਾ ਗਿਆ। ਰਾਤ ਸਮੇਂ ਸੁਖਆਸਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਿਰਾਜਮਾਨ ਕੀਤਾ ਗਿਆ। ਸੰਗਤਾਂ ਨੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਇਲਾਵਾ ਛਬੀਲ, ਜੋੜੇ ਘਰ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਤੇ ਲੰਗਰ ਛੱਕ ਕੇ ਤ੍ਰਿਪਤ ਹੋਈਆਂ।

ਇਹ ਵੀ ਪੜ੍ਹੋਂ : ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ

ਗੁਰਦੁਆਰਾ ਥੜ੍ਹਾ ਸਾਹਿਬ (ਭੌਰਾ ਸਾਹਿਬ) ਵਿਖੇ ਹੋਈ ਵਿਸ਼ਵ ਦੇ ਭਲੇ ਲਈ ਅਰਦਾਸ 
ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ (ਭੌਰਾ ਸਾਹਿਬ) ਵਿਖੇ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ ਗਈ। ਹੁਕਮਨਾਮਾ ਲੈਣ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ। ਗ੍ਰੰਥੀ ਸਿੰਘ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਲਾਗ ਦੇ ਇਸ ਭਿਆਨ ਦੌਰ 'ਚ ਨਾਮ ਬਾਣੀ ਨਾਲ ਜੁੜਨ ਤੇ ਆਪਸੀ ਭਾਈਚਾਰਕ ਸਾਂਝ ਬਣਾਉਂਦਿਆਂ ਬਿਨਾ ਕਿਸੇ ਜਾਤ-ਪਾਤ, ਧਰਮ, ਰੰਗ, ਨਸਲ ਦੇ ਇਕ ਦੂਸਰੇ ਦੇ ਮਦਦਗਾਰ ਹੋਣ ਲਈ ਪ੍ਰੇਰਿਆ ਗਿਆ।


Baljeet Kaur

Content Editor

Related News