5 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਗੇ ਜੀ. ਕੇ., ਸਿਰਸਾ, ਹਿੱਤ ਤੇ ਸਰਨਾ

Thursday, Feb 27, 2020 - 09:41 AM (IST)

ਅੰਮ੍ਰਿਤਸਰ (ਅਨਜਾਣ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐੱਮ. ਐੱਸ. ਬਲਾਕ ਹਰੀ ਨਗਰ (ਨਵੀਂ ਦਿੱਲੀ) ਦੇ ਪ੍ਰਬੰਧ ਵਿਚ ਹੋਈਆਂ ਬੇਨਿਯਮੀਆਂ ਬਾਰੇ ਸੰਗਤਾਂ ਅਤੇ ਰਮਿੰਦਰ ਸਿੰਘ (ਸਵੀਟਾ) ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ  ਪੁੱਜੀ ਸ਼ਿਕਾਇਤ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖ ਸਿਆਸਤ ਦੀਆਂ ਧਨੰਤਰ ਹਸਤੀਆਂ ਨੂੰ 5 ਮਾਰਚ ਨੂੰ ਸਵੇਰੇ 10 ਵਜੇ ਸਕੱਤਰੇਤ ਵਿਖੇ ਬੁਲਾ ਲਿਆ ਗਿਆ ਹੈ। ਇਨ੍ਹਾਂ ਸ਼ਖਸੀਅਤਾਂ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਸ਼ਾਮਲ ਹਨ। ਜੋ ਉਕਤ ਮਿਤੀ ਨੂੰ ਰਿਕਾਰਡ ਸਮੇਤ ਸਕੱਤਰੇਤ ਵਿਖੇ ਹਾਜ਼ਰੀ ਭਰਨਗੇ।

ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਅਵਤਾਰ ਸਿੰਘ ਹਿੱਤ 'ਤੇ ਦਿੱਲੀ ਦੀਆਂ ਸੰਗਤਾਂ ਵਲੋਂ ਸਕੂਲ ਦੀ ਜਾਇਦਾਦ ਸਬੰਧੀ ਦੋਸ਼ ਲੱਗਦੇ ਆ ਰਹੇ ਨੇ, ਜਿਸ ਵਿਚ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਜਥੇਦਾਰ ਹਿੱਤ ਦੀ ਵਕਾਲਤ ਕਰਨ ਲਈ ਲੱਗ ਰਿਹਾ ਹੈ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਹਸਤੀਆਂ ਨੂੰ ਇਸ ਲਈ ਬੁਲਾਇਆ ਜਾ ਰਿਹਾ ਹੈ ਤਾਂ ਜੋ ਕੇਸ ਦੀ ਅਸਲੀਅਤ ਪਤਾ ਕਰ ਕੇ ਪੰਥ ਦੀ ਜਾਇਦਾਦ ਖੁਰਦ-ਬੁਰਦ ਹੋਣ ਤੋਂ ਬਚਾਈ ਜਾ ਸਕੇ।


Baljeet Kaur

Content Editor

Related News