SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ

Tuesday, Sep 15, 2020 - 05:27 PM (IST)

SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ

ਅੰਮ੍ਰਿਤਸਰ (ਅਨਜਾਣ) : ਖੁਰਦ-ਬੁਰਦ ਹੋਏ ਪਾਵਨ ਸਰੂਪਾਂ ਬਾਰੇ ਜਵਾਬ ਦੇਣ ਤੋਂ ਬੌਖਲਾਈ ਸ਼੍ਰੋਮਣੀ ਕਮੇਟੀ ਨੇ ਤਾਨਾਸ਼ਾਹੀ ਵਤੀਰਾ ਵਰਤਦਿਆਂ ਸਤਿਕਾਰ ਕਮੇਟੀਆਂ, ਬਾਬਾ ਬੋਤਾ ਸਿੰਘ ਗਰਜਾ ਸਿੰਘ ਨਿਹੰਗ ਸਿੰਘ ਜਥੇਬੰਦੀ ਸਮੇਤ ਮੀਡੀਆ ਕਰਮੀਆਂ ਦੀ ਹੁਕਮਾਂ 'ਤੇ ਟਾਸਕ ਫੋਰਸ ਵਲੋਂ ਕੁੱਟਮਾਰ ਕੀਤੀ ਗਈ। ਦੱਸ ਦੇਈਏ ਕਿ ਬੀਤੇ ਦਿਨ ਸਤਿਕਾਰ ਕਮੇਟੀਆਂ ਤੇ ਕੁਝ ਸਿੱਖ ਜਥੇਬੰਦੀਆਂ ਨੇ ਮਿਲ ਕੇ ਪਾਵਨ ਸਰੂਪਾਂ ਬਾਰੇ ਜਾਨਣ ਲਈ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਪੱਕੇ ਤੌਰ 'ਤੇ ਧਰਨਾ ਦੇ ਦਿੱਤਾ ਸੀ। ਕਮੇਟੀ ਮੁਲਾਜ਼ਮਾ ਵਲੋਂ ਰਾਤੋ-ਰਾਤ ਸ੍ਰੀ ਗੁਰੂ ਰਾਮਦਾਸ ਸਰਾਂ, ਪੁਰਾਣਾ ਜੌੜਾ ਘਰ ਤੇ ਬਾਬਾ ਸਾਹਿਬ ਵਾਲੇ ਪਾਸਿਓਂ ਰਸਤਾ ਰੋਕਦਿਆਂ ਤਕਰੀਬਨ ਪੰਦਰਾਂ-ਪੰਦਰਾਂ ਫੁੱਟ ਉੱਚੀਆਂ ਟੀਨ ਦੀਆਂ ਕੰਧਾਂ ਕਰਕੇ ਧਰਨਾ ਦੇ ਰਹੇ ਸਤਿਕਾਰ ਕਮੇਟੀ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਵਿਚਕਾਰ ਡੱਕੀ ਰੱਖਦਿਆਂ। ਸੰਗਤਾਂ ਲਈ ਆਉਣ ਜਾਣ ਦਾ ਰਸਤਾ ਵੀ ਬੰਦ ਕਰ ਦਿੱਤਾ ਤੇ ਇਹ ਸਾਬਤ ਕਰ ਦਿੱਤਾ ਕਿ ਗੁਰੂ ਸਾਹਿਬ ਵਲੋਂ ਚਾਰੇ ਵਰਨਾ ਲਈ ਸਾਂਝੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ 'ਚੋਂ ਇਕ ਬੰਦ ਕਰ ਦਿੱਤਾ, ਜਿਸ 'ਤੇ ਸੰਗਤਾਂ ਨੇ ਵੀ ਨਰਾਜ਼ਗੀ ਪ੍ਰਗਟਾਈ ਤੇ ਕੁਝ ਸੰਗਤਾਂ ਵਾਪਸ ਘਰਾਂ ਨੂੰ ਮੁੜ ਗਈਆਂ। ਇਸ 'ਤੇ ਗੁਰੂ ਰਾਮਦਾਸ ਸਰਾਂ ਦੇ ਲੰਗਰ ਹਾਲ ਵਾਲੀ ਬਾਹੀ 'ਤੇ ਕੁਝ ਸਤਿਕਾਰ ਕਮੇਟੀ ਆਗੂਆਂ ਤੇ ਨਿਹੰਗ ਸਿੰਘ ਜਥੇਬੰਦੀ ਵਲੋਂ ਧਰਨਾ ਦੇ ਕੇ ਗੁਰਬਾਣੀ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪਰ ਪਹਿਲਾਂ ਤੋਂ ਹੀ ਵਿਵਾਦਾਂ 'ਚ ਘਿਰੀ ਸ਼੍ਰੋਮਣੀ ਕਮੇਟੀ ਨੇ ਤਾਨਾਸ਼ਾਹੀ ਦਾ ਸਬੂਤ ਦਿੰਦਿਆਂ ਆਪਣੇ ਲਈ ਇਕ ਹੋਰ ਨਵਾਂ ਬਿਖੇੜਾ ਖੜ੍ਹਾ ਕਰ ਲਿਆ ਹੈ। ਜਿੱਥੇ ਕਮੇਟੀ ਮੁਲਾਜ਼ਮਾ ਵਲੋਂ ਸਤਿਕਾਰ ਕਮੇਟੀ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਕੁੱਟਿਆ ਗਿਆ ਉਥੇ ਮੀਡੀਆਂ ਕਰਮੀਆਂ ਦੀ ਵੀ ਕੁੱਟਮਾਰ ਕੀਤੀ ਗਈ। 

ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਦਾ ਕਹਿਰ ਬਾਦਸਤੂਰ ਜਾਰੀ, ਹੁਣ ਚਿੱਟੇ ਦੀ ਓਵਰਡੋਜ਼ ਕਾਰਨ ਜਵਾਨ ਕੁੜੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
PunjabKesariਸ੍ਰੀ ਹਰਿਮੰਦਰ ਸਾਹਿਬ ਦਾ ਆਲਾ-ਦੁਆਲਾ ਹੋਇਆ ਪੁਲਸ ਛਾਉਣੀ 'ਚ ਤਬਦੀਲ 
ਬੀਤੇ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਜਾਵੇ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਪੁਲੀਸ ਛਾਉਣੀ 'ਚ ਤਬਦੀਲ ਹੋਇਆ ਜਾਪਦਾ ਹੈ। ਇਸਦੇ ਨਾਲ ਹੀ ਵੱਖ-ਵੱਖ ਖੁਫ਼ੀਆ ਏਜੰਸੀਆਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਪੂਰੀ ਚੌਕਸੀ ਵਰਤ ਰਹੀਆਂ ਹਨ।

ਇਹ ਵੀ ਪੜ੍ਹੋ : ਬਜ਼ੁਰਗ ਗ੍ਰੰਥੀ 'ਤੇ ਪੁੱਤਾਂ ਢਾਹਿਆ ਕਹਿਰ, ਤੋਹਮਤਾਂ ਲਗਾ ਕੇ ਕੱਢਿਆ ਘਰੋਂ (ਵੀਡੀਓ)
PunjabKesariਸ਼੍ਰੋਮਣੀ ਕਮੇਟੀ ਦਾ ਰਵੱਈਆ ਮੱਸੇ ਰੰਗੜ, ਔਰਗਜ਼ੇਬ ਤੇ ਜਹਾਂਗੀਰ ਤੋਂ ਘੱਟ ਨਹੀਂ: ਖ਼ਾਲਸਾ
ਸ਼੍ਰੋਮਣੀ ਕਮੇਟੀ ਵਲੋਂ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਲੋਕ ਇਨਸਾਫ਼ ਪਾਰਟੀ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਜਥੇਬੰਦੀਆਂ ਦੇ ਆਗੂ ਹਰਪ੍ਰੀਤ ਸਿੰਘ ਮਖੂ ਨੇ ਮੌਕੇ ਤੇ ਪਹੁੰਚ ਕੇ ਫ਼ਿਰ ਤੋਂ ਧਰਨਾ ਸ਼ੁਰੂ ਕਰ ਦਿੱਤਾ। ਜਗਜੋਤ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਰਵੱਈਆ ਮੱਸੇ ਰੰਗੜ, ਔਰੰਗਜ਼ੇਬ ਤੇ ਜਹਾਂਗੀਰ ਤੋਂ ਘੱਟ ਨਹੀਂ। ਮਨੁੱਖਤਾ ਦੇ ਇਸ ਚਹੁੰ ਵਰਨਾ ਲਈ ਸਾਂਝੇ ਅਸਥਾਨ ਦੇ ਦਰਵਾਜ਼ੇ ਸੰਗਤਾਂ ਲਈ ਬੰਦ ਕਰ ਕੇ ਸ਼੍ਰੋਮਣੀ ਕਮੇਟੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਸੰਦਾਂ ਤੇ ਨਰੈਣੂ ਮਹੰਤਾਂ ਕੋਲੋਂ ਕਬਜ਼ੇ ਛੁਡਵਾ ਕੇ ਕੁਰਬਾਨੀਆਂ ਦੇ ਕੇ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਅੱਜ ਖੁਦ ਉਹੀ ਰੋਲ ਅਦਾ ਕਰ ਰਹੀ ਹੈ ਤੇ ਹੁਣ ਸਮਾਂ ਆ ਗਿਆ ਹੈ ਇਨ੍ਹਾਂ ਤੋਂ ਕਬਜ਼ੇ ਲੈ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਦਾ। ਅੱਜ ਤੱਕ ਕਦੇ ਵੀ ਨਹੀਂ ਹੋਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸੰਗਤਾਂ ਲਈ ਬੰਦ ਕਰ ਦਿੱਤੇ ਜਾਣ ਭਾਵੇਂ ਸ੍ਰੀ ਹਰਿਮੰਦਰ ਸਾਹਿਬ 'ਤੇ ਅਨੇਕਾਂ ਘਟਨਾਵਾਂ ਵਾਪਰੀਆਂ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸ਼ਾਂਤਮਈ ਧਰਨਾ ਦੇ ਰਹੀਆਂ ਜਥੇਬੰਦੀਆਂ ਨੂੰ ਪਾਵਨ ਸਰੂਪਾਂ ਦੇ ਖੁਰਦ-ਬੁਰਦ ਹੋਣ ਬਾਰੇ ਜਵਾਬ ਦਿੰਦਿਆਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਲੋਕ ਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਕੀਤੀ ਬਦਸਲੂਕੀ ਲਈ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਹ ਨੁਮਾਇੰਦਾ ਜਥੇਬੰਦੀ ਜੋ ਦੂਸਰਿਆਂ ਦੀਆਂ ਪੱਗਾਂ ਬਚਾਉਣ ਦਾ ਹੌਕਾ ਦਿੰਦੀ ਹੈ ਤੇ ਖੁਦ ਸਿੱਖ ਦੀ ਪੱਗ ਨੂੰ ਹੱਥ ਪਾ ਕੇ ਆਪਣੀ ਬੇਸ਼ਰਮੀ ਦਾ ਸਬੂਤ ਦੇ ਰਹੀ ਹੈ। ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਜਥੇਬੰਦੀਆ ਸਿਰ ਦੇ ਦੇਣਗੀਆਂ ਪਰ ਆਪਣੇ ਆਸ਼ੇ ਤੋਂ ਪਰੇ ਨਹੀਂ ਹਟਣਗੀਆਂ।
PunjabKesari

ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਨਿਖੇਧੀ 
ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਗ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਜਗਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦਾ ਹਿਸਾਬ ਮੰਗ ਰਹੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰ ਰਹੀਆਂ ਜਥੇਬੰਦੀਆਂ 'ਤੇ ਸ਼੍ਰੋਮਣੀ ਕਮੇਟੀ ਵਲੋਂ ਹਮਲਾਵਰ ਹੋ ਕੇ ਉਨ੍ਹਾਂ 'ਤੇ ਡਾਂਗਾਂ ਸੋਟੇ ਚਲਾਉਣਾ ਨਿੰਦਣਯੋਗ ਕਾਰਵਾਈ ਹੈ। ਇੱਥੋਂ ਤੱਕ ਕਿ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨੂੰ ਵੀ ਆਪਣੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨਾਲ ਧੱਕਾ ਮੁੱਕੀ ਕਰਨੀ, ਕੈਮਰੇ ਤੋੜਨੇ ਹੋਰ ਵੀ ਸ਼ਰਮਨਾਕ ਕਾਰਾ ਹੈ। ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਇਨ੍ਹਾਂ 'ਤੇ ਗੋਲੀਆਂ ਵੀ ਚਲਾਏਗੀ। ਉਨ੍ਹਾਂ ਪ੍ਰਸ਼ਾਸਨ ਤੋਂ ਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇ ਤੇ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਧੱਕਾਸ਼ਾਹੀ ਨੂੰ ਰੋਕੇ। ਜੇਕਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਰਵੱਈਆ ਨਾ ਰੋਕਿਆ ਤਾਂ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਇਸਦਾ ਹਿਸਾਬ ਮੰਗੇਗਾ। ਉਨ੍ਹਾਂ ਨਾਲ ਇਸ ਸਮੇਂ ਜਰਨੈਲ ਸਿੰਘ ਸਖੀਰਾ ਵੀ ਮੌਜੂਦ ਸਨ।


author

Baljeet Kaur

Content Editor

Related News