SGPC ਵਲੋਂ ਓਡਿਸ਼ਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਸਬ-ਕਮੇਟੀ ਦਾ ਗਠਨ

Friday, Dec 13, 2019 - 10:25 AM (IST)

SGPC ਵਲੋਂ ਓਡਿਸ਼ਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਸਬ-ਕਮੇਟੀ ਦਾ ਗਠਨ

ਅੰਮ੍ਰਿਤਸਰ (ਦੀਪਕ) : ਓਡਿਸ਼ਾ ਦੇ ਜਗਨਨਾਥ ਪੁਰੀ 'ਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਮੰਗੂ ਮੱਠ ਸਬੰਧੀ ਮੌਜੂਦਾ ਸਥਿਤੀ ਜਾਣਨ ਲਈ ਸ਼੍ਰੋਮਣੀ ਕਮੇਟੀ ਨੇ ਇਕ ਵਫਦ ਓਡਿਸ਼ਾ ਭੇਜਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ 'ਤੇ ਆਧਾਰਿਤ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਕੋਆਰਡੀਨੇਟਰ ਵਜੋਂ ਮੀਤ ਸਕੱਤਰ ਸਕੱਤਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਵੀ ਓਡਿਸ਼ਾ ਦੇ ਜਗਨਨਾਥ ਪੁਰੀ 'ਚ ਸਥਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਤੇ ਯਾਦਗਾਰਾਂ ਨੂੰ ਸੁਰੱਖਿਅਤ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਇਹ ਯਾਦਗਾਰਾਂ ਸਿੱਖਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਮੀਡੀਆ ਰਾਹੀਂ ਇਕ ਵਾਰ ਫਿਰ ਇਨ੍ਹਾਂ ਨੂੰ ਢਾਹੁਣ ਦੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਾਈ ਗਈ ਕਮੇਟੀ ਜਿਥੇ ਮੌਕਾ ਦੇਖ ਕੇ ਆਪਣੀ ਰਿਪੋਰਟ ਦੇਵੇਗੀ, ਉਥੇ ਹੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੱਠਾਂ ਦੀ ਸੁਰੱਖਿਆ ਸਬੰਧੀ ਗੱਲਬਾਤ ਕਰੇਗੀ।


author

Baljeet Kaur

Content Editor

Related News