ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਅੱਜ ਵੀ ਵਾਂਟਿਡ ਹਨ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ

Tuesday, May 07, 2019 - 12:40 PM (IST)

ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਅੱਜ ਵੀ ਵਾਂਟਿਡ ਹਨ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ

ਅੰਮ੍ਰਿਤਸਰ(ਸੰਜੀਵ) : ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਸ ਇਕ ਜ਼ਿੰਮੇਵਾਰ ਸੰਸਥਾ ਹੈ। ਪੰਜਾਬ ਪੁਲਸ ਦਾ ਟੀਚਾ ਕ੍ਰਾਈਮ ਰੋਕਣਾ, ਭਾਰਤ ਦੇ ਸੰਵਿਧਾਨ ਨੂੰ ਆਪਣੇ ਅਧਿਕਾਰਿਕ ਖੇਤਰਾਂ ਵਿਚ ਲਾਗੂ ਕਰਨਾ, ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਮੁਲਜ਼ਮਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਸਜ਼ਾ ਦਿਵਾਉਣਾ। ਪੰਜਾਬ ਸਰਕਾਰ ਪੁਲਸ ਨੂੰ ਹਾਈਟੈੱਕ ਕਰਨ ਲਈ ਹਰ ਸਾਲ ਇਕ ਵੱਡੇ ਬਜਟ ਦੀ ਵਿਵਸਥਾ ਰੱਖਦੀ ਹੈ ਅਤੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਨਵੇਂ ਵਾਹਨ ਵੀ ਦਿੱਤੇ ਜਾ ਰਹੇ ਹਨ। ਪੰਜਾਬ ਪੁਲਸ ਇਹ ਦਾਅਵਾ ਕਰਦੀ ਹੈ ਕਿ ਉਹ ਹਰ ਹਾਲਤ ਨਾਲ ਨਜਿੱਠਣ ਲਈ ਸਮਰੱਥ ਹੈ ਪਰ ਆਪਣੇ ਹੀ ਕਾਰਨਾਮਿਆਂ ਕਾਰਨ ਸੁਰਖੀਆਂ ਵਿਚ ਰਹਿਣ ਵਾਲੀ ਪੰਜਾਬ ਪੁਲਸ ਨੂੰ ਅਜੇ ਵੀ ਬਹੁਤ ਸਾਰੇ ਪਹਿਲੂਆਂ 'ਤੇ ਅਪਡੇਟ ਹੋਣ ਦੀ ਲੋੜ ਹੈ।

'ਜਗ ਬਾਣੀ' ਆਪਣੇ ਪਾਠਕਾਂ ਲਈ ਹਰ ਜਾਣਕਾਰੀ ਅਤੇ ਸੂਚਨਾਵਾਂ ਹਾਸਲ ਕਰਨ ਲਈ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ। ਅੱਜ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਰਿਕਾਰਡ ਨਾਲ ਕੁੱਝ ਅਜਿਹੀਆਂ ਜਾਣਕਾਰੀਆਂ ਜੁਟਾਈਆਂ ਗਈਆਂ ਹਨ ਜਿਨ੍ਹਾਂ ਵਿਚ ਮਾਰੇ ਗਏ ਗੈਂਗਸਟਰਾਂ ਅਤੇ ਜੇਲਾਂ ਵਿਚ ਬੰਦ ਗੈਂਗਸਟਰਾਂ ਨੂੰ ਅਜੇ ਵੀ ਵਾਂਟਿਡ ਲਿਸਟ ਵਿਚ ਪਾਇਆ ਗਿਆ ਹੈ। ਲਗਾਤਾਰ ਸਰਕਾਰੀ ਵਿਭਾਗਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਬਾਰੇ ਦੱਸਣਾ ਅਤੇ ਲੋਕਾਂ ਤੱਕ ਠੀਕ ਜਾਣਕਾਰੀ ਦੇਣਾ ਹੀ 'ਜਗ ਬਾਣੀ' ਦਾ ਮਕਸਦ ਹੈ। ਰਿਪੋਰਟ ਰਾਹੀਂ ਅੱਜ ਪਾਠਕਾਂ ਨੂੰ ਕੁੱਝ ਅਜਿਹੀਆਂ ਸੱਚਾਈਆਂ ਦਿੱਤੀਆਂ ਜਾ ਰਹੀਆਂ ਹਨ ਜੋ ਪੰਜਾਬ ਪੁਲਸ ਦੀ ਸਰਕਾਰੀ ਸਾਈਟ ਤੋਂ ਲਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ 2016 ਵਿਚ ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਦੋਸ਼ੀ ਵਿੱਕੀ ਗੋਂਡਰ ਤੇ ਉਸ ਦਾ ਸਾਥੀ ਗੈਂਗਸਟਰ ਪ੍ਰੇਮਾ ਲਾਹੌਰੀਆ ਅੱਜ ਵੀ ਦਿਹਾਤੀ ਪੁਲਸ ਨੂੰ ਵਾਂਟਿਡ ਹੈ। ਦੋਵਾਂ ਨੂੰ ਪੁਲਸ ਨੇ ਆਪਣੀ ਸਾਈਟ 'ਤੇ ਵਾਂਟਿਡ ਗੈਂਗਸਟਰਾਂ ਦੀ ਲਿਸਟ ਵਿਚ ਪਾ ਕੇ ਸੂਚਨਾ ਦੇਣ ਵਾਲੇ ਨੂੰ ਉੱਚਿਤ ਇਨਾਮ ਦੇਣ ਦਾ ਪੋਸਟਰ ਪਾ ਰੱਖਿਆ ਹੈ ਜਦੋਂਕਿ ਤ੍ਰਾਸਦੀ ਇਹ ਹੈ ਕਿ ਦੋਵੇਂ ਹੀ ਗੈਂਗਸਟਰ ਰਾਜਸਥਾਨ, ਗੰਗਾਨਗਰ ਦੇ ਪਿੰਡ ਵਿਚ ਹੋਏ ਪੁਲਸ ਇਨਕਾਊਂਟਰ ਦੌਰਾਨ ਮਾਰੇ ਜਾ ਚੁੱਕੇ ਹਨ। ਵਿੱਕੀ ਗੋਂਡਰ 2016 ਵਿਚ ਆਪਣੇ ਪੰਜ ਸਾਥੀਆਂ ਨਾਲ ਜੇਲ ਤੋੜ ਕੇ ਫਰਾਰ ਹੋ ਗਿਆ ਸੀ, ਜਿਸ ਦੇ ਬਾਅਦ 2018 ਤੱਕ ਉਹ ਪੁਲਸ ਤੋਂ ਭੱਜਦਾ ਰਿਹਾ ਅਤੇ ਇਕ ਦਿਨ ਅਜਿਹਾ ਆਇਆ ਕਿ ਪੰਜਾਬ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਘੇਰਾਬੰਦੀ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਵਿੱਕੀ ਗੋਂਡਰ ਨੇ ਆਪਣੇ ਦੋ ਸਾਥੀਆਂ ਨਾਲ ਪੁਲਸ 'ਤੇ ਫਾਇਰਿੰਗ ਕਰ ਦਿੱਤੀ ਸੀ ਜਿਸ ਵਿਚ ਵਿੱਕੀ ਗੋਂਡਰ ਆਪਣੇ ਦੋਵਾਂ ਸਾਥੀਆਂ ਦੇ ਨਾਲ ਮਾਰਿਆ ਗਿਆ ਸੀ ਅਤੇ ਇਸ ਇਨਕਾਊਂਟਰ ਵਿਚ ਇਕ ਐੱਸ.ਆਈ. ਅਤੇ ਇਕ ਏ.ਐੱਸ.ਆਈ. ਜ਼ਖ਼ਮੀ ਹੋਇਆ ਸੀ।

ਗੈਂਗਸਟਰ ਸਾਰਜ ਮਿੰਟੂ ਵੀ ਵਾਂਟਿਡ ਲਿਸਟ 'ਚ ਸ਼ਾਮਲ ਜਦੋਂਕਿ ਅੱਜ ਉਹ ਜੇਲ ਵਿਚ ਹੈ ਬੰਦ
ਬਟਾਲਾ ਰੋਡ 'ਤੇ ਇਕ ਹਿੰਦੂ ਨੇਤਾ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰਨ ਵਾਲਾ ਖਤਰਨਾਕ ਗੈਂਗਸਟਰ ਸਾਰਜ ਮਿੰਟੂ ਵੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਸਾਈਟ 'ਤੇ ਵਾਂਟਿਡ ਲਿਸਟ ਵਿਚ ਹੈ ਜਦੋਂਕਿ ਉਸ ਨੂੰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ 30 ਅਕਤੂਬਰ 2017 ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਆਪਣੀ ਸਾਈਟ ਨੂੰ ਸਮੇਂ 'ਤੇ ਨਾ ਦੇਖਣ ਅਤੇ ਅਪਡੇਟ ਨਾ ਕਰਨ ਦੀ ਵਜ੍ਹਾ ਨਾਲ ਪੁਲਸ ਦੀ ਹੇਠੀ ਹੋ ਰਹੀ ਹੈ। ਸਾਰਜ ਮਿੰਟੂ ਇਸ ਸਮੇਂ ਪੰਜਾਬ ਦੀ ਕੇਂਦਰੀ ਜੇਲ ਵਿਚ ਵਿਚਾਰ ਅਧੀਨ ਹੈ।

ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਵੀ ਹਨ ਵਾਂਟਿਡ
ਨਾਭਾ ਜੇਲ ਬ੍ਰੇਕ ਕਾਂਡ ਦਾ ਮਾਸਟਰ ਮਾਇੰਡ ਗੋਪੀ ਘਣਸ਼ਿਆਮਪੁਰੀਆ ਵੀ ਦਿਹਾਤੀ ਪੁਲਸ ਨੂੰ ਵਾਂਟਿਡ ਚੱਲ ਰਿਹਾ ਹੈ ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਉਸ ਦੀ ਪੰਜਾਬ ਵਿਚ ਕੋਈ ਐਕਟੀਵਿਟੀ ਵੇਖੀ ਗਈ ਅਤੇ ਨਾ ਹੀ ਉਸ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ। ਗੋਪੀ ਘਣਸ਼ਿਆਮਪੁਰੀਆ ਦੇ ਉੱਤਰ ਪ੍ਰਦੇਸ਼ ਵਿਚ ਮਾਰੇ ਜਾਣ ਦੀ ਖਬਰ ਦੇ ਬਾਅਦ ਉਸ ਦੇ ਸਾਥੀਆਂ ਨੇ ਵੀ ਉਸ ਦਾ ਕਿਤੇ ਲੁਕੇ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਸੀ। ਗੋਪੀ ਘਣਸ਼ਿਆਮਪੁਰੀਆ ਨੂੰ ਉੱਤਰ ਪ੍ਰਦੇਸ਼ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿਚ ਪੰਜਾਬ ਦੇ ਇਕ ਸ਼ਰਾਬ ਠੇਕੇਦਾਰ ਦਾ ਨਾਂ ਉਸ ਨੂੰ ਛਡਾਉਣ ਵਿਚ ਭੜਕਿਆ ਸੀ ਅਤੇ ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਇਕ ਵੱਡੇ ਪੁਲਸ ਅਧਿਕਾਰੀ 'ਤੇ ਵੀ ਗਾਜ ਡਿੱਗੀ ਸੀ। ਪੁਲਸ ਉਦੋਂ ਤੋਂ ਉਸ ਦੇ ਮਾਰੇ ਜਾਣ 'ਤੇ ਵਿਸ਼ਵਾਸ ਕਰ ਰਹੀ ਹੈ ਪਰ ਦਿਹਾਤੀ ਪੁਲਸ ਨੂੰ ਅੱਜ ਵੀ ਵਾਂਟਿਡ ਹੈ।

PunjabKesari

ਕੀ ਕਹਿਣਾ ਹੈ ਐੱਸ.ਐੱਸ. ਪੀ.ਦਿਹਾਤੀ ਦਾ?
ਐੱਸ.ਐੱਸ.ਪੀ. ਦਿਹਾਤੀ ਵਿਕਰਮਜੀਤ ਦੁੱਗਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਹੁਣ ਇਹ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ ਅਤੇ ਛੇਤੀ ਹੀ ਦਿਹਾਤੀ ਪੁਲਸ ਦੀ ਸਾਇਟ ਨੂੰ ਅਪਡੇਟ ਕੀਤਾ ਜਾਵੇਗਾ। ਬਕਾਇਦਾ ਇਸ ਲਈ ਵਿਸ਼ੇਸ਼ ਟੀਮ ਸਾਇਟ ਦੇ ਹਰ ਪਹਿਲੂ ਦੀ ਜਾਂਚ ਦੇ ਬਾਅਦ ਉਸ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰੇਗੀ ।


author

cherry

Content Editor

Related News