ਘਰ 'ਚ ਚੋਰੀ ਨਾ ਹੋਵੇ ਇਸ ਲਈ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਵਿਅਕਤੀ ਜਦੋਂ ਪਿਛੇ ਮੁੜਿਆ ਤਾਂ ਉੱਡ ਗਏ ਹੋਸ਼

10/28/2020 3:06:22 PM

ਅੰਮ੍ਰਿਤਸਰ(ਇੰਦਰਜੀਤ): ਆਮ ਤੌਰ 'ਤੇ ਲੋਕਾਂ ਦੀ ਧਾਰਨਾ ਹੈ ਕਿ ਜੇਕਰ ਦੁਸਹਿਰੇ ਦੇ ਦਿਨ ਰਾਵਣ ਦੇ ਪੁਤਲੇ ਨੂੰ ਮੱਥਾ ਟੇਕ ਕੇ ਉਸਦੇ ਸੜੇ ਹੋਏ ਪੁਤਲੇ ਦੀ ਰਾਖ ਜਾਂ ਲੱਕੜੀ ਲਿਆਂਦੀ ਜਾਵੇ ਤਾਂ ਘਰ 'ਚ ਚੋਰੀ ਨਹੀਂ ਹੁੰਦੀ। ਇਸੇ ਉਮੀਦ ਤਹਿਤ ਸ਼ਿਵ ਹਸਤੀਰ ਨਾਂ ਦਾ ਵਿਅਕਤੀ ਮੁੱਖ ਦੁਸਹਿਰਾ ਗਰਾਊਂਡ 'ਚ ਜਾ ਪਹੁੰਚਿਆ। ਹਾਲਾਂਕਿ ਇਸ ਵਾਰ ਦੁਸਹਿਰਾ ਗਰਾਊੁਂਡ 'ਚ ਰਾਵਣ ਦੇ ਪੁਤਲੇ ਤਾਂ ਸੜੇ ਪਰ ਪੁਤਲੇ ਇੰਨੇ ਛੋਟੇ ਸਨ ਕਿ ਸ਼ਾਇਦ ਇਸਦਾ ਸ਼ਗਨ ਹੀ ਕੀਤਾ ਗਿਆ ਹੋਵੇਗਾ ਅਤੇ ਦੇਖਣ ਵਾਲਿਆਂ ਦੀ ਗਿਣਤੀ ਵੀ ਨਾ-ਮਾਤਰ ਸੀ। ਉਕਤ ਵਿਅਕਤੀ ਦੁਸਹਿਰਾ ਗਰਾਊਂਡ 'ਚ ਰਾਵਣ ਦਾ ਪੁਤਲਾ ਸੜਦਾ ਦੇਖਣ ਲਈ ਇਸ ਲਈ ਰੁਕ ਗਿਆ ਕਿ ਉਹ ਰਾਵਣ ਦੇ ਸੜੇ ਪੁਤਲੇ ਦੀ ਰਾਖ ਜਾਂ ਲੱਕੜੀ ਘਰ ਲੈ ਕੇ ਆਏਗਾ ਤਾਂਕਿ ਉਸ ਦੇ ਘਰ 'ਚ ਚੋਰੀ ਨਾ ਹੋ ਸਕੇ।

ਇਹ ਵੀ ਪੜ੍ਹੋ : ਪਾਕਿਸਤਾਨ ਜੇਲ੍ਹ 'ਚੋਂ 10 ਸਾਲ ਦੀ ਸਜ਼ਾ ਕੱਟ ਕੇ ਪਰਤੇ ਭਾਰਤੀਆਂ ਨੇ ਸੁਣਾਈ ਦੁੱਖਭਰੀ ਦਾਸਤਾਨ

ਅਜੇ ਇਹ ਵਿਚਾਰ ਉਸਦੇ ਮਨ 'ਚ ਆ ਹੀ ਰਹੇ ਹੋਣਗੇ ਕਿ ਜਿਵੇਂ ਹੀ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸਦਾ ਸਕੂਟਰ ਗਾਇਬ ਹੋ ਚੁੱਕਿਆ ਸੀ। ਇਸ ਕਾਰਣ ਉਸਨੂੰ ਪੈਦਲ ਹੀ ਘਰ ਜਾਣਾ ਪਿਆ। ਦੁਰਗਿਆਨਾ ਪੁਲਸ ਚੌਕੀ ਨੇ ਸ਼ਿਵ ਹਸਤੀਰ ਦੇ ਬਿਆਨਾਂ ਦੇ ਆਧਾਰ 'ਤੇ ਸਕੂਟਰ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਕੂਟਰ ਉਸੇ ਥਾਂ 'ਤੇ ਖੜ੍ਹਾ ਕੀਤਾ ਗਿਆ, ਜਿੱਥੇ ਸਾਹਮਣੇ ਹੀ ਰਾਵਣ ਦਾ ਪੁਤਲਾ ਖੜ੍ਹਾ ਕੀਤਾ ਗਿਆ ਸੀ। ਇਸ ਵਾਰ ਰਾਵਣ ਦਾ ਪੁਤਲਾ ਸ਼ਾਮ ਦੇ ਸਮੇਂ ਸਾੜਨ ਦੀ ਬਜਾਏ ਦੁਪਹਿਰ 3 ਵਜੇ ਹੀ ਸਾੜ ਦਿੱਤਾ ਗਿਆ। ਚੋਰਾਂ ਦੀ ਹਿੰਮਤ ਵੇਖੋ ਕਿ ਦਿਨ-ਦਿਹਾੜੇ ਮਾਲਕ ਦੇ ਸਾਹਮਣੇ ਵੀ ਸਕੂਟਰ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਜਦੋਂ ਕਿ ਮੇਲੇ 'ਚ ਇੰਨੇ ਲੋਕਾਂ ਦੇ ਸਾਹਮਣੇ ਸਕੂਟਰ ਨੂੰ ਖੋਲਣਾ ਜਾਂ ਲਾਕ ਤੋੜਨਾ ਅਤੇ ਭੀੜ 'ਚੋਂ ਬਾਹਰ ਲੈ ਜਾਣਾ ਕਲਾਕਾਰੀ ਦੇ ਨਾਲ-ਨਾਲ ਹਿੰਮਤ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਰਾਵਣ ਦੀ ਜਗ੍ਹਾ ਸ਼੍ਰੀਰਾਮ ਦਾ ਪੁਤਲਾ ਫੂਕਣ ਵਾਲੇ ਦੋਸ਼ੀ ਗ੍ਰਿਫ਼ਤਾਰ, ਮਾੜੀ ਸ਼ਬਦਾਵਲੀ ਵਾਲੀ ਵੀਡੀਓ ਕੀਤੀ ਵਾਇਰਲ


Baljeet Kaur

Content Editor Baljeet Kaur