ਅੰਮ੍ਰਿਤਸਰ ’ਚ ਮੀਂਹ ਕਾਰਨ ਬਦਲਿਆ ਮੌਸਮ, ਦਿਨ ਭਰ ਚੱਲਦੀਆਂ ਰਹੀਆਂ ਠੰਡੀਆਂ ਹਵਾਵਾਂ
Wednesday, May 25, 2022 - 10:59 AM (IST)
ਅੰਮ੍ਰਿਤਸਰ (ਰਮਨ) - ਗੁਰ ਨਗਰੀ ਵਿਚ ਮੌਸਮ ਨੇ ਜਿਸ ਤਰ੍ਹਾਂ ਕਰਵਟ ਬਦਲੀ ਹੈ, ਉਸ ਤਰ੍ਹਾਂ ਮੌਸਮ ਠੰਡਾ ਹੋ ਗਿਆ ਹੈ। ਪਿਛਲੇ ਦਿਨ ਪੰਜਾਬ ਦੇ ਕੁਝ ਹਿੱਸਿਆਂ ਵਿਚ ਗੜੇਮਾਰੀ ਹੋਈ, ਜਿਸ ਕਾਰਨ ਮੰਗਲਵਾਰ ਨੂੰ ਸਾਰਾ ਦਿਨ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ, ਜਦੋਂਕਿ ਵਿਚਕਾਰ ਕਾਲੇ ਬੱਦਲ ਛਾਏ ਰਹੇ। ਕੁਝ ਦਿਨ ਪਹਿਲਾਂ ਗਰਮੀ ਦੇ ਕਾਰਨ ਜਿੱਥੇ ਸ਼ਹਿਰ ਦਾ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਸੀ, ਉਥੇ ਹੀ ਮੰਗਲਵਾਰ ਨੂੰ ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ 31 ਡਿਗਰੀ ਤਾਪਮਾਨ ਨੋਟ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਮੌਸਮ ਵਿਭਾਗ ਨੇ ਪੂਰੇ ਪੰਜਾਬ ਅਤੇ ਗੁਰੂ ਨਗਰੀ ਵਿਚ ਵੀ 2 ਦਿਨ ਮੀਂਹ ਪੈਣ ਦੇ ਆਸਾਰ ਦੱਸੇ ਸਨ, ਜਦੋਂਕਿ ਸੋਸ਼ਲ ਮੀਡੀਆ ਐਪ ’ਤੇ ਵੀ ਮੀਂਹ ਦਿਖਾਇਆ ਗਿਆ ਸੀ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹੀ ਥੋੜ੍ਹੀ ਜਿਹੀ ਵਰਖਾ ਹੋਈ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਆਉਣ ਵਾਲੇ ਦਿਨਾਂ ’ਚ ਫਿਰ ਤੋਂ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਤਾਪਮਾਨ ਵਧੇਗਾ।
ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼
ਬਿਜਲੀ ਬੰਦ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ
ਸ਼ਹਿਰ ਦੇ ਕਈ ਇਲਾਕਿਆਂ ਵਿਚ ਹਨੇਰੀ-ਝੱਖੜ ਕਾਰਨ ਲੋਕਾਂ ਨੂੰ ਬਿਜਲੀ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਲੋਕ ਸ਼ਿਕਾਇਤ ਨੰਬਰ 1912 ’ਤੇ ਫੋਨ ਕਰਦੇ ਹਨ ਤਾਂ ਕੋਈ ਵੀ ਫੋਨ ਨਹੀਂ ਚੁੱਕਦਾ, ਜਿਰਸ ਕਾਰਨ ਲੋਕ ਸੋਸ਼ਲ ਮੀਡੀਆ ’ਤੇ ਕਾਫੀ ਗੁੱਸਾ ਕੱਢ ਰਹੇ ਹਨ। ਮੰਗਲਵਾਰ ਨੂੰ ਵੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਬੰਧੀ ਸ਼ਿਕਾਇਤਾਂ ਆਈਆਂ, ਜਿਸ ਨੂੰ ਦੇਰ ਸ਼ਾਮ ਤੱਕ ਪਾਵਰਕਾਮ ਦੀਆਂ ਤਕਨੀਕੀ ਟੀਮਾਂ ਹੱਲ ਕਰਨ ਵਿਚ ਜੁਟੀਆਂ ਰਹੀਆਂ ਸਨ।