ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ SGPC ਨੇ ਇਨ੍ਹਾਂ ਵੱਡੀਆਂ ਹਸਤੀਆਂ ਨੂੰ ਭੇਜਿਆ ਸੱਦਾ
Friday, Oct 25, 2019 - 10:29 AM (IST)
ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ 'ਚ ਸ਼ਮੂਲੀਅਤ ਲਈ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੂੰ ਸੱਦਾ ਦਿੱਤਾ ਗਿਆ। ਸ਼੍ਰੀ ਬਦਨੌਰ ਨੂੰ ਇਹ ਸੱਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਜਾ ਕੇ ਦਿੱਤਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਗਵਰਨਰ ਨੇ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ ਕਰਦਿਆਂ ਮੁੱਖ ਸਮਾਗਮਾਂ 'ਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਤੋਂ ਇਲਾਵਾ ਭਾਈ ਲੌਂਗੋਵਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵਿਸ਼ੇਸ਼ ਤੌਰ 'ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮਾਂ 'ਚ ਹਿੱਸਾ ਲੈਣ ਲਈ ਮਿਲੇ। ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਹਰ ਹਾਲਤ 'ਚ ਸ਼ਾਮਿਲ ਹੋਣਗੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ 'ਚ ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ, ਜੋ ਭਾਰਤੀ ਸੱਭਿਆਚਾਰ ਦੇ ਪ੍ਰਤੀਕ ਰਹੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਨਿੱਜੀ ਸਹਾਇਕ ਦਰਸ਼ਨ ਸਿੰਘ ਵੀ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ 12 ਨਵੰਬਰ ਨੂੰ ਮੁੱਖ ਸਮਾਗਮ ਕਰਵਾਇਆ ਜਾਣਾ ਹੈ, ਜਿਸ ਵਿਚ ਦੇਸ਼-ਦੁਨੀਆ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। ਇਸੇ ਸਿਲਸਿਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮੁੱਖ ਹਸਤੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ। ਗਵਰਨਰ ਪੰਜਾਬ ਨੂੰ ਸੱਦਾ ਦੇਣ ਸਮੇਂ ਭਾਈ ਲੌਂਗੋਵਾਲ ਦੇ ਨਾਲ ਬੀਬੀ ਹਰਜਿੰਦਰ ਕੌਰ ਵੀ ਮੌਜੂਦ ਸਨ।