ਪਾਕਿਸਤਾਨ 'ਚ ਬੈਠਾ ਸਮੱਗਲਰ 'ਇਸਮਾਇਲ ਖਾਨ' ਭੇਜ ਰਿਹੈ ਹੈਰੋਇਨ ਦੀ ਖੇਪ
Saturday, Oct 05, 2019 - 10:22 AM (IST)

ਅੰਮ੍ਰਿਤਸਰ (ਸੰਜੀਵ) : ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਰੋੜੇਵਾਲਾ ਸੈਕਟਰ ਤੋਂ ਬਰਾਮਦ ਕੀਤੀ ਗਈ 60 ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤੇ ਗਏ 2 ਸਮੱਗਲਰਾਂ 'ਚ ਗੁਰਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕੀਤੇ ਗਏ ਸਮੱਗਲਰ ਭਰਾਵਾਂ 'ਚ ਵਰਿੰਦਰਜੀਤ ਸਿੰਘ ਉਰਫ ਕਾਕਾ ਤੇ ਜਗਰੂਪ ਸਿੰਘ ਵਾਸੀ ਰਾਜਾਤਾਲ ਨੂੰ ਅੱਜ ਅਦਾਲਤ ਤੋਂ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆਂਦਾ ਗਿਆ ਹੈ। ਅੱਜ ਦਿਨ ਭਰ ਚਾਰਾਂ ਸਮੱਗਲਰਾਂ ਤੋਂ ਚੱਲੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਬਰਾਮਦ ਹੈਰੋਇਨ ਦੀ ਖੇਪ ਪਾਕਿਸਤਾਨ 'ਚ ਬੈਠਾ ਖਤਰਨਾਕ ਸਮੱਗਲਰ 'ਇਸਮਾਇਲ ਖਾਨ' ਭੇਜ ਰਿਹਾ ਹੈ।
ਵਰਣਨਯੋਗ ਹੈ ਕਿ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਰੋੜੇਵਾਲਾ ਤੋਂ 2 ਅਕਤੂਬਰ ਨੂੰ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਅੱਜ ਅਦਾਲਤ 'ਚ ਪੇਸ਼ ਕੀਤੇ ਗਏ ਸਮੱਗਲਰ ਵਰਿੰਦਰਜੀਤ ਤੇ ਜਗਰੂਪ ਨੂੰ ਫੜਿਆ ਗਿਆ ਤਾਂ ਇਹ ਸਾਫ ਹੋ ਗਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ ਜਗਰੂਪ ਸਿੰਘ ਮੰਗਵਾ ਰਿਹਾ ਸੀ, ਜਿਸ ਨੇ ਦੁਬਈ 'ਚ ਬੈਠ ਕੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਆਪਣੇ ਗੂੜ੍ਹੇ ਸਬੰਧ ਬਣਾਏ ਹੋਏ ਸਨ, ਉਹ ਇਨ੍ਹਾਂ ਸਬੰਧਾਂ ਨੂੰ ਆਪਣੇ ਪਿੰਡ ਆ ਕੇ ਇਸਤੇਮਾਲ ਕਰ ਰਿਹਾ ਸੀ।
ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਗ੍ਰਿਫਤਾਰ ਚਾਰਾਂ ਸਮੱਗਲਰਾਂ ਦੇ ਮੋਬਾਇਲ ਸਕੈਨ ਕੀਤੇ ਜਾ ਰਹੇ ਹਨ। ਫਿਲਹਾਲ ਇਨ੍ਹਾਂ ਦੇ ਪਾਕਿਸਤਾਨ 'ਚ ਬੈਠੇ ਸਮੱਗਲਰਾਂ ਦੇ ਸਬੰਧਾਂ ਦੇ ਨਾਲ-ਨਾਲ ਉਨ੍ਹਾਂ ਡੀਲਰਾਂ ਦੀ ਵੀ ਨਿਸ਼ਾਨਦੇਹੀ ਚੱਲ ਰਹੀ ਹੈ, ਜਿਨ੍ਹਾਂ ਨੂੰ ਇਹ ਸਮੱਗਲਰ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਦਿਹਾਤੀ ਪੁਲਸ ਸਰਹੱਦ ਪਾਰੋਂ ਆਉਣ ਵਾਲੀ ਹੈਰੋਇਨ ਸਪਲਾਈ ਦੀ ਲਾਈਨ ਪੂਰੀ ਤਰ੍ਹਾਂ ਤੋੜ ਰਹੀ ਹੈ।