ਅੰਮ੍ਰਿਤਸਰ ਦੇ ਐੱਨ.ਐੱਸ. ਢਿੱਲੋਂ ਦਾ ਵਧਿਆ ਕੱਦ, ਮਿਲੀ ਵੱਡੀ ਜਿੰਮੇਵਾਰੀ
Sunday, Mar 31, 2019 - 04:26 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐੱਨ.ਐੱਸ. ਢਿੱਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਬਣਾਇਆ ਗਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਸਟ੍ਰੈਟੇਜਿਕ ਫੋਰਸ ਦੇਸ਼ ਦੀ ਉਹ ਸੰਸਥਾ ਹੈ ਜੋ ਜੰਗੀ ਰਣਨੀਤਕ ਪ੍ਰਮਾਣੂ ਜ਼ਖੀਰਿਆਂ ਦੀ ਦੇਖਰੇਖ ਕਰਦੀ ਹੈ। ਰਣਨੀਤਕ ਤੌਰ 'ਤੇ ਇਹ ਬੇਹੱਦ ਵੱਡੀ ਤੇ ਅਹਿਮ ਜ਼ਿੰਮੇਵਾਰੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਜੰਮ ਪਲ ਨਵਕਿਰਨਜੀਤ ਸਿੰਘ ਢਿੱਲੋਂ ਨੂੰ ਜੂਨ 2016 'ਚ ਏਅਰ ਵਾਇਸ ਮਾਰਸ਼ਲ ਤੋਂ ਏਅਰ ਮਾਰਸ਼ਲ ਬਣਾਇਆ ਗਿਆ ਸੀ। ਏਅਰ ਮਾਰਸ਼ਲ ਦਾ ਅਹੁਦਾ ਏਅਰ ਚੀਫ ਮਾਰਸ਼ਲ ਤੋਂ ਛੋਟਾ ਹੁੰਦਾ ਹੈ। ਏਅਰ ਚੀਫ ਮਾਰਸ਼ਲ ਨੂੰ ਹੀ ਵਾਯੂਸੈਨਾ ਪ੍ਰਮੁੱਖ ਕਿਹਾ ਜਾਂਦਾ ਹੈ। ਸੰਨ 1961 'ਚ ਜਨਮੇ ਏਅਰ ਮਾਰਸ਼ਲ ਢਿੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਢੰਡ 'ਚ ਹੀ ਵੱਡੇ ਹੋਏ। ਸੇਂਟ ਫਰਾਂਸਿਸ ਸਕੂਲ ਤੇ ਖਾਲਸਾ ਕਾਲਜ ਅੰਮ੍ਰਿਤਸਰ 'ਚ ਵੀ ਉਨ੍ਹਾਂ ਨੇ ਪੜ੍ਹਾਈ ਕੀਤੀ। ਉਨ੍ਹਾਂ ਪੁਨੇ ਦੇ ਖੜਕਵਸਲਾ ਸਥਿਤ ਕੌਮੀ ਰੱਖਿਆ ਅਕਾਦਮੀ ਤੋਂ ਡਿਗਰੀ ਹਾਸਲ ਕੀਤੀ। ਢਿੱਲੋਂ 1981 'ਚ ਹਵਾਈ ਸੈਨਾ 'ਚ ਬਤੌਰ ਫਾਈਟਰ ਪਾਇਲਟ ਵਜੋਂ ਭਾਰਤੀ ਹੋਏ ਸਨ। ਢਿੱਲੋਂ ਨੂੰ ਲੜਾਕੂ ਜਹਾਜ਼ ਉਡਾਉਣ 'ਚ ਖਾਸ ਮੁਹਾਰਤ ਹਾਸਲ ਹੈ। ਉਨ੍ਹਾਂ ਨੂੰ 2014 'ਚ ਪ੍ਰਮੁੱਖ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।