ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ
Thursday, Jan 28, 2021 - 10:19 AM (IST)
 
            
            ਅੰਮ੍ਰਿਤਸਰ (ਅਰੁਣ) - ਅੰਮ੍ਰਿਤਸਰ ਦੇ ਨੇੜਲੇ ਮਜੀਠਾ ਸ਼ਹਿਰ ’ਚ ਪੈਸਿਆਂ ਦੇ ਲੈਣ-ਦੇਣ ’ਚ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮਜੀਠਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਗੁਜ਼ਰਪੁਰਾ ਵਾਸੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਜੋਬਨਪ੍ਰੀਤ ਸਿੰਘ (25) ਫ਼ਾਇਨਾਂਸ ਦਾ ਕੰਮ ਕਰਦਾ ਸੀ। 25 ਜਨਵਰੀ ਸ਼ਾਮ 4. 30 ਵਜੇ ਉਹ ਫ਼ਾਇਨਾਂਸ ਦੇ ਪੈਸੇ ਇਕੱਠੇ ਕਰਨ ਲਈ ਮਜੀਠਾ ਗਿਆ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਜੋਬਨਪ੍ਰੀਤ ਸਿੰਘ ਨੂੰ ਰੌਸ਼ਨ ਸਿੰਘ, ਜਿਸ ਕੋਲੋਂ ਉਸਦੇ ਭਰਾ ਜੋਬਨਪ੍ਰੀਤ ਨੇ 1 ਲੱਖ ਰੁਪਏ ਲੈਣੇ ਸਨ, ਦੇ ਨਾਲ ਸਕੂਟਰੀ ’ਤੇ ਬੈਠ ਕੇ ਉਹ ਚਲਾ ਗਿਆ। ਕੁਝ ਚਿਰ ਮਗਰੋਂ ਸੁਨੇਹਾ ਮਿਲਿਆ ਕਿ ਰੌਸ਼ਨ ਸਿੰਘ ਦੇ ਘਰ ਜੋਬਨਪ੍ਰੀਤ ਦਾ ਲੜਾਈ-ਝਗੜਾ ਹੋ ਰਿਹਾ ਹੈ। ਉਹ ਆਪਣੇ ਦੂਜੇ ਭਰਾ ਗੁਰਕੀਰਤ ਨਾਲ ਜਦੋਂ ਰੌਸ਼ਨ ਸਿੰਘ ਦੇ ਘਰ ਪੁੱਜਾ ਤਾਂ ਦੇਖਿਆ ਕਿ ਰੌਸ਼ਨ ਸਿੰਘ, ਅਮਨ ਅਤੇ ਮੰਗਾ ਵਾਸੀ ਮਜੀਠਾ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਭਰਾ ’ਤੇ ਲਗਾਤਾਰ ਵਾਰ ਕਰ ਰਹੇ ਸਨ। ਨੇੜੇ ਪੁੱਜਣ ’ਤੇ ਦੇਖਿਆ ਤਾਂ ਉਸਦੇ ਭਰਾ ਦੀ ਮੌਤ ਹੋ ਚੁੱਕੀ ਸੀ। ਅਮਨ ਅਤੇ ਮੰਗਾ ਦੋਵੇਂ ਮੌਕੇ ਤੋਂ ਦੌੜ ਗਏ ਅਤੇ ਉਨ੍ਹਾਂ ਨੇ ਰੌਸ਼ਨ ਸਿੰਘ ਨੂੰ ਕਾਬੂ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - ਇਟਲੀ ਗਏ ਤਰਨਤਾਰਨ ਦੇ ਨੌਜਵਾਨ ਦੀ ਮੌਤ, ਪਿਤਾ ਨੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ
ਕੁਝ ਚਿਰ ਮਗਰੋਂ ਭੰਗਾਲੀ ਕਲਾਂ ਵਾਸੀ ਸੁਖਚੈਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਦੱਸਿਆ ਕਿ ਉਸਦਾ ਭਤੀਜਾ ਸ਼ਮਸ਼ੇਰ ਸਿੰਘ ਵੀ ਜੋਬਨਪ੍ਰੀਤ ਨਾਲ ਗਿਆ ਸੀ, ਜਿਸ ਦਾ ਫ਼ੋਨ ਬੰਦ ਹੈ ਅਤੇ ਮੁਲਜ਼ਮਾਂ ਨੇ ਉਸ ਨੂੰ ਵੀ ਕਤਲ ਕਰ ਦਿੱਤਾ ਹੈ। ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਰੌਸ਼ਨ ਸਿੰਘ ਅਤੇ ਰਾਜਬੀਰ ਸਿੰਘ ਉਰਫ਼ ਰਾਜੂ ਵਾਸੀ ਮਜੀਠਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮਜੀਠਾ ਮੁਖੀ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਸ ਮੌਕੇ ਤੋਂ ਦੌੜੇ 2 ਹੋਰ ਮੁਲਜ਼ਮਾਂ ਅਮਨ ਅਤੇ ਮੰਗਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            