ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ

Wednesday, Apr 17, 2019 - 11:30 AM (IST)

ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ

ਅੰਮ੍ਰਿਤਸਰ (ਅਣਜਾਣ) :  ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਵਲੋਂ ਇਕ ਵੈੱਬ ਚੈਨਲ 'ਤੇ ਕੇਜਰੀਵਾਲ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਾ ਹੈ। ਪੰਜਾਬ ਏਕਤਾ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਕੱਲ੍ਹਾ ਨੂੰ ਸ਼ਿਕਾਇਤ ਪੱਤਰ ਸੌਂਪਦਿਆਂ ਮਨਜਿੰਦਰ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਕ ਪਤਿਤ ਬੰਦੇ ਦੀ ਤੁਲਨਾ ਦਸਮ ਪਿਤਾ ਨਾਲ ਕਰਨੀ ਬੇਹੱਦ ਸ਼ਰਮਨਾਕ ਕਾਰਾ ਹੈ, ਇਸ ਲਈ ਮਨਜਿੰਦਰ ਸਿੰਘ ਨੂੰ ਤਲਬ ਕਰ ਕੇ ਤਨਖਾਹੀਆ ਕਰਾਰ ਦਿੱਤਾ ਜਾਵੇ, ਜੇਕਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪੰਥ 'ਚੋਂ ਛੇਕਿਆ ਜਾਵੇ।

ਦੱਸ ਦੇਈਏ ਕਿ ਪਿਛਲੇ ਦਿਨੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ ਜਦੋਂ ਇਕ ਇੰਟਰਵੀਊ 'ਚ ਪੱਤਰਕਾਰ ਵਲੋਂ ਪੁੱਛਿਆ ਗਿਆ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਕਿਉਂ ਮੰਗੀ ਸੀ ਤਾਂ ਮਨਜਿੰਦਰ ਸਿੱਧੂ ਨੇ ਕਿਹਾ ਲੋੜ ਪੈਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੱਚੀ ਗਲੀ 'ਚੋਂ ਤਾੜੀ ਮਾਰ ਕੇ ਨਿਕਲ ਗਏ ਸਨ। ਸਿੱਧੂ ਵਲੋਂ ਕੇਜਰੀਵਾਲ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਇਹ ਮਾਮਲਾ ਹੁਣ ਅਕਾਲ ਤਖਤ ਸਾਹਿਬ ਵਿਖੇ ਪੁੱਜ ਚੁੱਕਾ ਹੈ। 


author

Baljeet Kaur

Content Editor

Related News