ਬੇਅਦਬੀ ਮਾਮਲੇ 'ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਅਜਨਾਲਾ ਦਾ ਵੱਡਾ ਬਿਆਨ

Tuesday, Sep 08, 2020 - 03:41 PM (IST)

ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੜਾਧੜ ਛਪ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਬੰਦ ਕਰਵਾਉਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਮਹੀਨੇ 'ਚ ਦੋ ਵਾਰ ਬਿਰਧ ਸਰੂਪਾਂ ਨੂੰ ਅਗਨਭੇਂਟ ਕੀਤਾ ਜਾਂਦਾ ਹੈ, ਨੂੰ ਬੰਦ ਕਰਵਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਤਹਿਸੀਲਦਾਰ ਮਨਜੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ 'ਚ ਵੱਸਦੇ ਸਿੱਖਾਂ ਨੇ ਵੱਖ-ਵੱਖ ਅਸਥਾਨਾਂ 'ਤੇ ਗੁਰਦੁਆਰਾ ਸਾਹਿਬ ਬਣਵਾਏ ਨੇ ਤੇ ਹਰ ਗੁਰਦੁਆਰਾ ਸਾਹਿਬ ਵਿਖੇ ਚਾਰ-ਚਾਰ ਜਾਂ ਪੰਜ-ਪੰਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਹਨ। ਸਾਡੇ ਪਾਸ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਦੇ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਪਾਵਨ ਸਰੂਪ ਵੀ ਮੌਜੂਦ ਹਨ, ਜਿਹੜੇ ਅੱਜ ਵੀ ਪ੍ਰਕਾਸ਼ਮਾਨ ਹੋ ਸਕਦੇ ਹਨ। ਨਵੇਂ ਸਰੂਪਾਂ ਦੀ ਜ਼ਰੂਰਤ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੇਂ ਸਰੂਪ ਧੜਾਧੜ ਛਾਪੀ ਜਾਂਦੀ ਹੈ, ਜਿਸ ਕਾਰਣ ਨਵੇਂ ਸਰੂਪਾਂ ਦੀ ਬੇਅਦਬੀ ਹੁੰਦੀ ਹੈ। 

ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਵਲੋਂ ਪਾਵਨ ਸਰੂਪਾਂ ਦੇ ਮਾਮਲੇ 'ਚ ਯੂ-ਟਰਨ ਲੈਣ 'ਤੇ ਮੰਨਾ ਦਾ ਵੱਡਾ ਬਿਆਨ

ਉਨ੍ਹਾਂ ਦੱਸਿਆ ਕਿ ਅੱਜ ਸਿੱਖ ਸੰਗਤਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਯਾਦ ਪੱਤਰ ਦੇਣ ਲਈ ਆਈਆਂ ਹਨ। 2016 'ਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗਜਣੀ ਦੀ ਘਟਨਾ ਕਾਰਣ ਹੋਈ ਅਣਗਹਿਲੀ 'ਚ ਅਣਗਿਣਤ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਇਸਦੇ ਇਲਾਵਾ ਕੈਨੇਡਾ 'ਚ 450 ਸਰੂਪ ਜੋ ਸਮੁੰਦਰ ਦੇ ਕੰਢੇ ਲਵਾਰਸ ਸਮਝ ਕੇ ਛੱਡ ਦਿੱਤੇ ਗਏ ਦੇ ਸਲਾਭੇ ਜਾਣ ਕਾਰਣ ਵੀ ਬੇਅਦਬੀ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿਵਾਈਆਂ ਜਾਣ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਕਮੇਟੀ ਹੈ, ਇਹ ਚੋਰਾਂ ਤੇ ਗਦਾਰਾਂ ਦੀ ਕਮੇਟੀ ਹੈ। ਇਨ੍ਹਾਂ ਦੋਸ਼ੀਆਂ ਨੂੰ ਕੇਵਲ ਭਾਂਡੇ ਮਾਂਜਣ ਦੀ ਸੇਵਾ ਲਗਾ ਕੇ ਬਹਾਲ ਨਾ ਕੀਤਾ ਜਾਵੇ ਬਲਕਿ ਕਾਨੂੰਨ ਅਨੁਸਾਰ ਪਰਚੇ ਕੱਟ ਕੇ ਸਜ਼ਾਵਾਂ ਦਿੱਤੀਆਂ ਜਾਣ। ਬਰਗਾੜੀ, ਬਹਿਬਲ ਕਲਾਂ ਤੇ ਜਵਾਹਰ ਸਿੰਘ ਵਾਲਾ ਬਾਰੇ ਕੀਤੇ ਸਵਾਲ ਸਬੰਧੀ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਨਾ ਕਦੇ ਇਨਸਾਫ਼ ਮਿਲਿਆ ਹੈ ਤੇ ਨਾ ਹੀ ਮਿਲਣ ਦੀ ਆਸ ਹੈ। ਜਿਹੜੀ ਸ਼੍ਰੋਮਣੀ ਕਮੇਟੀ ਦਿਹ ਦਲਗਜ਼ੇ ਮਾਰਦੀ ਹੈ ਕਿ ਉਹ ਇਨਸਾਫ਼ ਕਰਨ ਦੇ ਸਮਰੱਥ ਹੈ ਉਸ ਨੇ 2016 'ਚ ਸਰੂਪਾਂ ਦੀ ਹੋਈ ਬੇਅਦਬੀ ਜਾਂ ਬਰਗਾੜੀ, ਬਹਿਬਲ ਕਲਾਂ ਤੇ ਜਵਾਹਰ ਸਿੰਘ ਵਾਲਾ ਦੀ ਮੰਦਭਾਗੀ ਘਟਣਾ ਦਾ ਇਨਸਾਫ਼ ਕਿਉਂ ਨਹੀਂ ਕਰ ਲਿਆ। ਇਸ ਮੌਕੇ ਉਨ੍ਹਾਂ ਨਾਲ ਭਾਈ ਬਲਵੰਤ ਸਿੰਘ ਗੋਪਾਲਾ ਦੇ ਇਲਾਵਾ ਗਗਨਦੀਪ ਸਿੰਘ, ਮਨਜੀਤ ਸਿੰਘ, ਯੁਵਰਾਜ ਸਿੰਘ ਓੰਕਾਰ ਸਿੰਘ ਤੇ ਹੋਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਜਲਾਦ ਨੂੰਹ ਦੀ ਦਰਿੰਦਗੀ, ਸੱਸ ਦਾ ਕੀਤਾ ਅਜਿਹਾ ਹਾਲ ਕੇ ਵੇਖ ਕੰਬ ਜਾਵੇਗੀ ਰੂਹ


Baljeet Kaur

Content Editor

Related News