ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦਾ ਬੀਮਾ ਕਰੇਗੀ SGPC

Saturday, Mar 07, 2020 - 11:44 AM (IST)

ਅੰਮ੍ਰਿਤਸਰ/ਚੰਡੀਗੜ੍ਹ (ਦੀਪਕ) : ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜੀਵਨ ਬੀਮਾ ਦੀ ਸੁਵਿਧਾ ਦਿੱਤੀ ਜਾਵੇਗੀ। 20 ਕਿਲੋਮੀਟਰ ਦੇ ਘੇਰੇ ‘ਚ ਜੇਕਰ ਕਿਸੇ ਸ਼ਰਧਾਲੂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਬੀਮੇ ਤਹਿਤ ਨਿਰਧਾਰਤ ਰਾਸ਼ੀ ਮਿਲੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਹੋਵੇਗਾ। ਇਹ ਫੈਸਲਾ ਇਥੇ ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ ਐੱਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੀ ਆਫਤ ਕਾਰਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਵੱਖਰੇ ਵਾਰਡ ਤੇ ਆਈ. ਸੀ. ਸੀ. ਯੂ. ਤਿਆਰ ਕਰਨ ਦਾ ਫੈਸਲਾ ਕੀਤਾ ਗਿਆ।

ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸਾਲ 2020-21 ਦਾ ਸਾਲਾਨਾ ਬਜਟ 28 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਦੁਪਹਿਰ 1 ਵਜੇ ਪਾਸ ਕੀਤਾ ਜਾਵੇਗਾ। ਬਜਟ ‘ਚ ਧਰਮ ਪ੍ਰਚਾਰ, ਸਿੱਖਿਆ, ਲੋਕ ਭਲਾਈ ਅਤੇ ਆਉਣ ਵਾਲੀਆਂ ਸ਼ਤਾਬਦੀਆਂ ਲਈ ਵਿਸ਼ੇਸ਼ ਰਾਸ਼ੀ ਰੱਖੀ ਜਾਵੇਗੀ। 

ਇਹ ਵੀ ਪੜ੍ਹੋ :  ਅਕਾਲ ਤਖਤ ਸਕੱਤਰੇਤ 'ਚ ਦਲ ਖਾਲਸਾ ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਝੜਪ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੰਤ੍ਰਿੰਗ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫੇ ਬਾਰੇ ਲਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਦਿਅਕ ਸੈਸ਼ਨ 2020-21 ਲਈ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੂੰ 3500 ਰੁਪਏ, 11ਵੀਂ ਅਤੇ 12ਵੀਂ ਲਈ 5000, ਗ੍ਰੈਜੂਏਟ ਪੱਧਰ ਲਈ 8000 ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 10000 ਰੁਪਏ ਸਾਲਾਨਾ ਵਜ਼ੀਫਾ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇਹ ਵਜ਼ੀਫੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਭਾਈ ਲੌਂਗੋਵਾਲ ਨੇ ਇਕ ਹੋਰ ਅਹਿਮ ਫੈਸਲੇ ਬਾਰੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ ਬੈਚੁਲਰ ਆਫ ਗੁਰਦੁਆਰਾ ਮੈਨੇਜਮੈਂਟ ਦਾ 3 ਸਾਲਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮਾਨਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਰਨਾ, ਸਿਰਸਾ, ਹਿੱਤ ਅਤੇ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਿਕਾਰਡ ਸਮੇਤ ਪੇਸ਼

 

 


Baljeet Kaur

Content Editor

Related News