ਗੁਰੂ ਘਰ ਦੇ ਬਾਹਰ ਨਾਕੇ ਖੁੱਲ੍ਹੇ ਪਰ ਸੰਗਤਾਂ ਦੀ ਆਮਦ ਬਹੁਤ ਘੱਟ
Tuesday, Jun 09, 2020 - 04:12 PM (IST)
ਅੰਮ੍ਰਿਤਸਰ (ਅਨਜਾਣ) : 24 ਮਾਰਚ ਤੋਂ ਲੈ ਕੇ ਹੁਣ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲੱਗੇ ਪੁਲਸ ਨਾਕੇ ਖੁੱਲ੍ਹਣ ਦੇ ਬਾਅਦ ਸੰਗਤਾਂ ਦੀ ਆਮਦ ਬਹੁਤ ਘੱਟ ਦਿਖਾਈ ਦਿੱਤੀ ਜਦਕਿ ਨਾਕਿਆਂ ਦੌਰਾਨ ਸੰਗਤ ਦਾ ਭਾਰੀ ਇਕੱਠ ਦਿਖਾਈ ਦਿੰਦਾ ਰਿਹਾ ਹੈ। ਪ੍ਰਬੰਧ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚੱਪੇ-ਚੱਪੇ 'ਤੇ ਸੇਵਾਦਾਰਾਂ ਦੀ ਡਿਊਟੀ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਇਹਤਿਆਤ ਵਰਤਦੇ ਹੋਏ ਸੰਗਤਾਂ ਨੂੰ ਉਠਾਉਣ ਲਈ ਲਗਾ ਦਿੱਤੀ ਗਈ ਹੈ ਤਾਂ ਜੋ ਬਾਕੀ ਸੰਗਤਾਂ ਵੀ ਦਰਸ਼ਨ ਦੀਦਾਰੇ ਕਰ ਸਕਣ ਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਭੀੜ ਇਕੱਠੀ ਨਾ ਹੋ ਸਕੇ। ਇਸ ਤੋਂ ਇਲਾਵਾ ਚਾਰੇ ਗੇਟਾਂ 'ਤੇ ਡਾਕਟਰੀ ਟੀਮਾਂ ਵਲੋਂ ਸਕ੍ਰੀਨਿੰਗ ਕਰਨ ਦੇ ਇਲਾਵਾ ਸੇਵਾਦਾਰਾਂ ਦੀਆਂ ਡਿਊਟੀਆਂ ਸੈਨੇਟਾਈਜ਼ ਕਰਨ ਲਈ ਲਗਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋਂ : ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਵਰਤਾਇਆ ਲੰਗਰ ਤੇ ਪ੍ਰਸ਼ਾਦ
ਕੀ ਕਿਹਾ ਸੰਗਤਾਂ ਨੇ ਪ੍ਰਸ਼ਾਦਿ ਤੇ ਲੰਗਰ ਬਾਰੇ!
ਜਿਥੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਸਬੰਧੀ ਸੰਗਤਾਂ ਵਲੋਂ ਖੁਸ਼ੀ ਪ੍ਰਗਟਾਈ ਗਈ ਉਥੇ ਕੇਂਦਰ ਸਰਕਾਰ ਵਲੋਂ ਕੜਾਹ ਪ੍ਰਸ਼ਾਦਿ ਤੇ ਲੰਗਰ ਛਕਣ ਬਾਰੇ ਦਿੱਤੇ ਬਿਆਨ 'ਤੇ ਰੋਸ ਜਾਹਿਰ ਕੀਤਾ ਗਿਆ। ਅੰਮ੍ਰਿਤਸਰ ਦੀ ਮੀਨਾ ਕੌਰ ਨੇ ਕਿਹਾ ਕਿ ਕੋਵਿਡ-19 ਨੂੰ ਲੈ ਕੇ ਲੰਮਾ ਸਮਾਂ ਸੰਗਤਾਂ ਸੱਚਖੰਡ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕੀਆਂ। ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਬਾਕੀ ਧਾਰਮਿਕ ਅਸਥਾਨ ਖੋਲ੍ਹ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਬਾਕੀ ਇਹਤਿਆਤ ਸੰਗਤਾਂ ਤੇ ਪ੍ਰਬੰਧਕਾਂ ਨੇ ਆਪ ਵਰਤਣਾ ਹੈ। ਕੜਾਹ ਪ੍ਰਸ਼ਾਦਿ ਦੇ ਲੰਗਰ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਘਰ ਤੋਂ ਪ੍ਰਸ਼ਾਦਿ ਉਸ ਨੂੰ ਮਿਲਦਾ ਹੈ, ਜਿਸ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਵਰਸਦੀ ਹੈ ਤੇ ਲੰਗਰ ਦੀ ਵਿਲੱਖਣ ਪ੍ਰਥਾ ਗੁਰੂ ਸਾਹਿਬ ਵਲੋਂ ਚਲਾ ਕੇ ਫੁਰਮਾਇਆ ਗਿਆ ਸੀ ਕਿ 'ਪਹਿਲਾਂ ਪੰਗਤ ਪਾਛੈ ਸੰਗਤ' ਇਸ ਲਈ ਇਹ ਪ੍ਰਥਾ ਬੰਦ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੋਟਲਾਂ 'ਚ ਸਰਕਾਰ ਵਲੋਂ ਰਹਿਣ ਤੇ ਖਾਣਾ-ਪੀਣ ਦੀ ਖੁੱਲ੍ਹ ਗਿੱਤੀ ਗਈ ਹੈ ਸ਼ਾਇਦ ਉਨ੍ਹਾਂ 'ਚ ਏਨੀ ਸਫਾਈ ਨਹੀਂ ਹੋਣੀ ਜਿੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੱਖੀ ਜਾਂਦੀ ਹੈ। ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਸ 'ਤੇ ਲੱਗੀ ਪਾਬੰਧੀ ਹਟਾਏ।
ਇਹ ਵੀ ਪੜ੍ਹੋਂ : ਡਾ. ਓਬਰਾਏ ਸਦਕਾ ਮੌਤ ਦੇ ਮੂੰਹੋਂ ਨਿਕਲੇ 9 ਪੰਜਾਬੀ, ਦੱਸੀ ਹੱਡ-ਬੀਤੀ