ਪੁਲਸ ਨਾਕਿਆਂ 'ਤੇ ਰੋਕ-ਟੋਕ ਨਾ ਹੋਣ ਕਾਰਨ ਸੰਗਤਾਂ ਨੇ ਕੀਤੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ-ਦੀਦਾਰੇ

05/26/2020 12:49:05 PM

ਅੰਮ੍ਰਿਤਸਰ (ਅਨਜਾਣ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਸ ਨਾਕਿਆਂ 'ਤੇ ਕੋਈ ਰੋਕ-ਟੋਕ ਨਾ ਹੋਣ ਕਾਰਣ ਸੰਗਤਾਂ ਨੇ ਭਾਰੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਖੁਲ੍ਹੇ ਦਰਸ਼ਨ-ਦੀਦਾਰੇ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਇਹਤਿਆਦ ਵਰਤਦਿਆਂ ਸਮਾਜਿਕ ਦੂਰੀ ਰੱਖਣ ਦੀ ਪਾਲਣਾ ਕਰਵਾਈ ਗਈ। ਜੋ ਸੰਗਤਾਂ ਦਰਸ਼ਨ-ਦੀਦਾਰੇ ਕਰਦੀਆਂ ਗਈਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਬੈਠਣ ਦਿੱਤਾ ਤਾਂ ਜੋ ਬਾਕੀ ਸੰਗਤਾਂ ਵੀ ਦਰਸ਼ਨ-ਦੀਦਾਰੇ ਕਰ ਸਕਣ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ 'ਚ ਉਮੜੀ ਸੰਗਤ ਦੀ ਭੀੜ, ਜੰਮ ਕੇ ਹੋਈ ਸਮਾਜਿਕ ਦੂ੍ਰੀ ਦੀ ਉਲੰਘਣਾ

ਸ੍ਰੀ ਹਰਿਮੰਦਰ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਤੋਂ ਰਾਗੀ ਜਥਿਆਂ ਵਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਪਹਿਲੇ ਹੁਕਮਨਾਮੇ ਉਪਰੰਤ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਗਈਆਂ। ਸੰਗਤਾਂ ਦੀ ਵੱਧਦੀ ਆਮਦ ਨੂੰ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਬਾਹੀ ਵਾਲਾ ਜੋੜਾ ਘਰ ਜੋ ਚਿਰਾਂ ਤੋਂ ਬੰਦ ਪਿਆ ਸੀ, ਨੂੰ ਖੋਲ੍ਹ ਦਿੱਤਾ ਗਿਆ। ਸੰਗਤਾਂ ਨੇ ਇਸ ਜੋੜਾ ਘਰ ਵਿਖੇ ਜੋੜੇ ਰੱਖ ਕੇ ਇਸ ਬਾਹੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ।

ਇਹ ਵੀ ਪੜ੍ਹੋ :  ਗੁਰੂ ਘਰ 'ਚ ਪਰਤੀ ਰੌਣਕ, ਸੰਗਤਾਂ ਦੀ ਆਮਦ ਸ਼ੁਰੂ (ਤਸਵੀਰਾਂ)

ਬੇਰ ਬਾਬਾ ਬੁੱਢਾ ਜੀ ਸਾਹਿਬ ਵਿਖੇ ਸੰਗਤਾਂ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਸਥਿਤ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਕੋਰੋਨਾ ਫਤਿਹ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਹ ਇਕ ਇਤਿਹਾਸਕ ਬੇਰੀ ਹੈ ਤੇ ਇਸ ਬੇਰੀ ਹੇਠਾਂ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ। ਇਸ ਕਾਰਣ ਇਸ ਦਾ ਨਾਮ ਬੇਰ ਬਾਬਾ ਬੁੱਢਾ ਜੀ ਪੈ ਗਿਆ। ਇਸ ਬੇਰੀ ਨੂੰ ਹਰ ਸਾਲ ਬਹੁਤ ਹੀ ਸੁੰਦਰ ਤੇ ਮਿੱਠੇ ਬੇਰ ਲੱਗਦੇ ਨੇ। ਸੰਮਤ 1661 (1601 ਈ.) 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਪਹਿਲੀ ਵਾਰ ਪ੍ਰਕਾਸ਼ ਹੋਣ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਆਪ ਦੇ ਹੱਥੀਂ ਗੁਰਗੱਦੀ ਦੀ ਰਸਮ ਅਦਾ ਕੀਤੀ ਜਾਂਦੀ ਰਹੀ।

 


Baljeet Kaur

Content Editor

Related News