STF ਨੂੰ ਮਿਲੀ ਵੱਡੀ ਸਫਲਤਾ, ਭਾਰੀ ਮਾਤਰਾ 'ਚ ਡਰੱਗਜ਼ ਬਰਾਮਦ

Friday, Jan 31, 2020 - 10:03 AM (IST)

STF ਨੂੰ ਮਿਲੀ ਵੱਡੀ ਸਫਲਤਾ, ਭਾਰੀ ਮਾਤਰਾ 'ਚ ਡਰੱਗਜ਼ ਬਰਾਮਦ

ਅੰਮ੍ਰਿਤਸਰ (ਸੰਜੀਵ, ਅਵਦੇਸ਼) : ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਵਲੋਂ ਸੁਲਤਾਨਵਿੰਡ ਖੇਤਰ ਵਿਚੋਂ 194.45 ਕਿਲੋ ਹੈਰੋਇਨ, 25 ਕਿਲੋ ਕੈਫੀਨ, 38 ਕਿਲੋ ਡੈਕਸਟ੍ਰੋਮੈਥੋਰਫਨ ਪਾਊਡਰ ਅਤੇ 207 ਕਿਲੋ ਕੈਮੀਕਲ ਸਮੇਤ 6 ਲੋਕਾਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਡਰੱਗਜ਼ ਇਕ ਕੋਠੀ 'ਚੋਂ ਬਰਾਮਦ ਕੀਤੇ ਗਏ ਹਨ, ਜੋ ਅਕਾਲੀ ਦਲ ਦੇ ਨੇਤਾ ਅਨਵਰ ਮਸੀਹ ਦੀ ਹੈ। ਇਹ ਕੋਠੀ ਗ੍ਰਿਫਤਾਰ ਸਮੱਗਲਰਾਂ ਨੂੰ ਕਿਰਾਏ 'ਤੇ ਦਿੱਤੀ ਗਈ ਸੀ। ਪੁਲਸ ਹੁਣ ਅਨਵਰ ਮਸੀਹ ਤੋਂ ਵੀ ਇਸ ਬਾਰੇ ਜਾਂਚ ਕਰੇਗੀ ਕਿ ਕੀ ਉਸ ਨੇ ਕੋਠੀ ਕਿਰਾਏ 'ਤੇ ਦੇਣ ਤੋਂ ਪਹਿਲਾਂ ਮੁਲਜ਼ਮਾਂ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ? ਪੁਲਸ ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿਚ ਫੜੀ ਗਈ 194 ਕਿੱਲੋ ਹੈਰੋਇਨ ਦੀ ਖੇਪ ਗੁਜਰਾਤ ਦੇ ਸਮੁੰਦਰ ਰਸਤੇ ਭਾਰਤ ਆਈ ਸੀ। ਅਜਿਹਾ ਸ਼ੱਕ ਜਿਤਾਇਆ ਜਾ ਰਿਹਾ ਹੈ, ਜਦੋਂ ਸਿਮਰਨਜੀਤ ਸਿੰਘ ਸੰਧੂ ਤੇ 300 ਕਿੱਲੋ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਉਸ ਨੇ ਸਮੁੰਦਰ ਦੇ ਰਸਤੇ ਹੈਰੋਇਨ ਮੰਗਵਾਈ ਸੀ, ਜਿਸ ਨੂੰ ਏ. ਟੀ. ਐੱਸ. ਨੇ ਗੁਜਰਾਤ 'ਚ ਜ਼ਬਤ ਕਰ ਲਿਆ ਸੀ। ਹੁਣ ਵੀ ਏਜੰਸੀਆਂ ਉਸੇ ਰਸਤੇ ਨੂੰ ਟਾਰਗੇਟ ਕਰ ਰਹੀਆਂ ਹਨ।

ਇਸ ਤਰ੍ਹਾਂ ਹੋਇਆ ਖੁਲਾਸਾ
ਐੱਸ. ਟੀ. ਐੱਫ. ਨੂੰ ਇਨਪੁਟ ਮਿਲੀ ਸੀ ਕਿ 2 ਸਮੱਗਲਰ ਮੋਹਾਲੀ 'ਚ ਹੈਰੋਇਨ ਦੀ ਖੇਪ ਸਪਲਾਈ ਕਰਨ ਪਹੁੰਚ ਰਹੇ ਹਨ। ਇਸ 'ਤੇ ਡੀ. ਐੱਸ. ਪੀ. ਸਿਕੰਦਰ ਸਿੰਘ ਅਤੇ ਇੰਸਪੈਕਟਰ ਰਣਧੀਰ ਸਿੰਘ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਕਰ ਕੇ ਅੰਮ੍ਰਿਤਸਰ ਦੀ ਇਕ ਬਰੇਜ਼ਾ ਕਾਰ ਨੂੰ ਕਾਬੂ ਕੀਤਾ। ਇਸ 'ਚੋਂ ਸੁਖਬੀਰ ਸਿੰਘ ਹੈਪੀ ਅਤੇ ਮੇਜਰ ਸਿੰਘ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਜਾਂਚ ਦੌਰਾਨ ਅੰਮ੍ਰਿਤਸਰ ਤੋਂ ਚੱਲ ਰਹੇ ਹੈਰੋਇਨ ਦੇ ਰੈਕੇਟ ਦਾ ਪਰਦਾਫਾਸ਼ ਹੋਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਅੰਮ੍ਰਿਤਸਰ ਦਾ ਕੱਪੜਾ ਵਪਾਰੀ ਅੰਕੁਸ਼ ਕਪੂਰ ਚਲਾ ਰਿਹਾ ਹੈ, ਜਿਸ ਦੀ ਦੁਕਾਨ ਕੁਈਨਜ਼ ਰੋਡ 'ਤੇ ਹੈ। ਇਸ 'ਤੇ ਤੁਰੰਤ ਐੱਸ. ਟੀ. ਐੱਫ. ਦੇ ਇਕ ਵੱਡੇ ਅਮਲੇ ਨੇ ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚ ਅੱਧੀ ਰਾਤ ਦਬਿਸ਼ ਦਿੱਤੀ ਅਤੇ ਉਥੋਂ ਹੈਰੋਇਨ ਬਣਾਉਣ ਦੀ ਲੈਬਾਰਟਰੀ ਨੂੰ ਬੇਨਕਾਬ ਕੀਤਾ, ਜਿਥੋਂ ਰੈਕੇਟ ਦੇ ਕਿੰਗਪਿਨ ਅੰਕੁਸ਼ ਕਪੂਰ ਅਤੇ ਅਫਗਾਨੀ ਨਾਗਰਿਕ ਸਮੇਤ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਇਕ ਮਹੀਨਾ ਪਹਿਲਾਂ ਹੀ ਇਸ ਲੈਬਾਰਟਰੀ ਨੂੰ ਕਿਰਾਏ ਦਾ ਘਰ ਲੈ ਕੇ ਸ਼ੁਰੂ ਕੀਤਾ ਗਿਆ ਸੀ, ਜਿਥੇ ਕੈਮੀਕਲ ਅਤੇ ਕੈਫੀਨ ਨੂੰ ਹੈਰੋਇਨ 'ਚ ਮਿਕਸ ਕਰਨ ਤੋਂ ਬਾਅਦ ਇਸ ਦੀ ਮਿਕਦਾਰ ਵਧਾਈ ਜਾਂਦੀ ਸੀ। ਫਿਲਹਾਲ ਸਮੱਗਲਰ 6 ਕਿਲੋ ਹੈਰੋਇਨ ਹੀ ਡਲਿਵਰੀ ਕਰ ਸਕੇ ਸਨ ਕਿ ਐੱਸ. ਟੀ. ਐੱਫ. ਵੱਲੋਂ ਇਸ ਪੂਰੇ ਰੈਕੇਟ 'ਚ ਸ਼ਾਮਿਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮਿਕਸਿੰਗ ਲਈ ਅਫਗਾਨੀ ਨਾਗਰਿਕ ਨੂੰ ਬੁਲਾਇਆ ਗਿਆ ਸੀ ਭਾਰਤ
ਗ੍ਰਿਫਤਾਰ ਅਫਗਾਨੀ ਨਾਗਰਿਕ ਅਰਮਾਨ ਨੂੰ ਹੈਰੋਇਨ ਦੇ ਨਾਲ ਕੈਮੀਕਲ ਦੀ ਮਿਕਸਿੰਗ ਕਰਨ ਲਈ ਬੁਲਾਇਆ ਗਿਆ ਸੀ, ਜੋ ਇਸ ਵਿਚ ਮਾਹਿਰ ਹੈ। ਅਰਮਾਨ ਦੇ ਪਾਸਪੋਰਟ ਤੋਂ ਪਤਾ ਲੱਗਾ ਹੈ ਕਿ ਇਹ 19 ਜਨਵਰੀ ਨੂੰ ਦਿੱਲੀ 'ਚ ਲੈਂਡ ਹੋਇਆ ਸੀ। ਇਸ ਤੋਂ ਬਾਅਦ ਉਹ ਅੰਮ੍ਰਿਤਸਰ 'ਚ ਬਣਾਈ ਗਈ ਹੈਰੋਇਨ ਦੀ ਲੈਬਾਰਟਰੀ ਵਿਚ ਆ ਕੇ ਰਹਿਣ ਲੱਗਾ, ਜਿਥੇ ਇਸ ਪੂਰੇ ਰੈਕੇਟ ਨੂੰ ਅੰਕੁਸ਼ ਕਪੂਰ ਦੀ ਨਿਗਰਾਨੀ 'ਚ ਆਪ੍ਰੇਟ ਕੀਤਾ ਜਾ ਰਿਹਾ ਸੀ।

ਸਿਮਰਨਜੀਤ ਨਾਲ ਮਿਲ ਕੇ ਅੰਕੁਸ਼ ਚਲਾ ਰਿਹਾ ਸੀ ਰੈਕੇਟ
ਗੁਜਰਾਤ 'ਚ ਏ. ਟੀ. ਐੱਸ. ਵੱਲੋਂ ਫੜੀ ਗਈ 1500 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿਚ ਭਗੌੜਾ ਚੱਲ ਰਹੇ ਸਮੱਗਲਰ ਸਿਮਰਨਜੀਤ ਸਿੰਘ ਸੰਧੂ ਨਾਲ ਮਿਲ ਕੇ ਅੰਮ੍ਰਿਤਸਰ 'ਚ ਹੈਰੋਇਨ ਦੀ ਲੈਬਾਰਟਰੀ ਨੂੰ ਅੰਕੁਸ਼ ਕਪੂਰ ਆਪਣੀ ਦੇਖ-ਰੇਖ ਵਿਚ ਚਲਾ ਰਿਹਾ ਸੀ। ਸਿਮਰਨਜੀਤ ਭਾਰਤ ਛੱਡ ਕੇ ਇਟਲੀ ਭੱਜ ਗਿਆ ਸੀ। ਇਸ ਸਬੰਧੀ ਏ. ਟੀ. ਐੱਸ. ਵੱਲੋਂ ਉਸ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਜਾ ਚੁੱਕਾ ਹੈ। ਅੱਜ ਇਹ ਵੀ ਸੂਚਨਾ ਮਿਲੀ ਕਿ ਸਿਮਰਨਜੀਤ ਸਿੰਘ ਸੰਧੂ ਨੂੰ ਇਟਲੀ 'ਚ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੀ ਅਜੇ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋਈ।

ਹੈਰੋਇਨ ਦੇ ਰੈਕੇਟ 'ਚ ਕਈ ਹੋਰ ਖਿਡਾਰੀ ਵੀ ਸ਼ਾਮਲ
ਐੱਸ. ਟੀ. ਐੱਫ. ਵੱਲੋਂ ਬੇਨਕਾਬ ਕੀਤੇ ਗਏ ਹੈਰੋਇਨ ਦੇ ਇਸ ਰੈਕੇਟ 'ਚ ਕਈ ਹੋਰ ਖਿਡਾਰੀਆਂ ਦੇ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ 'ਤੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਬਹੁਤ ਸਾਰੇ ਸਫੈਦਪੋਸ਼ ਚਿਹਰਿਆਂ ਦੇ ਬੇਨਕਾਬ ਹੋਣ ਦਾ ਵੀ ਸ਼ੱਕ ਹੈ।

ਤਮੰਨਾ ਦੀ ਭੂਮਿਕਾ ਦੀ ਵੀ ਹੋਵੇਗੀ ਜਾਂਚ
ਹੈਰੋਇਨ ਦੀ ਲੈਬਾਰਟਰੀ ਵਿਚ ਹੋਈ ਰੇਡ ਦੌਰਾਨ ਉਥੋਂ ਗ੍ਰਿਫਤਾਰ ਕੀਤੀ ਗਈ ਤਮੰਨਾ ਨਾਂ ਦੀ ਲੜਕੀ ਤੋਂ ਵੀ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਐੱਸ. ਟੀ. ਐੱਫ. ਇਸ ਪੂਰੇ ਰੈਕੇਟ 'ਚ ਉਸ ਦੀ ਭੂਮਿਕਾ ਨੂੰ ਵੀ ਦੇਖ ਰਹੀ ਹੈ।  


author

Baljeet Kaur

Content Editor

Related News