ਖੁਦ ਨੂੰ ਸੀ.ਐੱਮ. ਕੈਪਟਨ ਦਾ ਖਾਸ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦਾ ਭਾਂਡਾ ਫੋੜੇਗਾ ਅਕਾਲੀ ਦਲ
Sunday, Jul 19, 2020 - 06:19 PM (IST)
ਅੰਮ੍ਰਿਤਸਰ (ਛੀਨਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖੁਦ ਨੂੰ ਖਾਸਮਖਾਸ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਅਤੇ ਜਾਇਦਾਦਾਂ ਹੜੱਪਣ ਦੀਆਂ ਸਾਜਿਸ਼ਾਂ ਰਚਣ ਵਾਲਾ ਇਕ ਵਿਅਕਤੀ ਆਉਣ ਵਾਲੇ ਸਮੇਂ 'ਚ ਕਾਂਗਰਸ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ, ਕਿਉਂਕਿ ਉਹ ਪਾਕਿਸਤਾਨ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵੀ ਕਰਦਾ ਰਿਹਾ ਹੈ। ਇਸ ਦਾ ਸਾਰਾ ਕਾਲਾ ਚਿੱਠਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਲਦ ਖੋਲ੍ਹਿਆ ਜਾਵੇਗਾ। ਇਹ ਵਿਚਾਰ ਸੀਨੀਅਰ ਯੂਥ ਅਕਾਲੀ ਆਗੂ ਮਨਪ੍ਰੀਤ ਸਿੰਘ ਮਾਹਲ ਨੇ ਅੱਜ ਹਲਕਾ ਦੱਖਣੀ ਅਧੀਨ ਪੈਂਦੇ ਪਿੰਡ ਸੁਲਤਾਨਵਿੰਡ ਵਿਖੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ 'ਚ ਅਕਾਲੀ ਦਲ ਬਾਦਲ ਨੂੰ ਜਾਣਬੁੱਝ ਕੇ ਨਿਸ਼ਾਨਾ ਬਨਾਉਣ ਵਾਲੀ ਕਾਂਗਰਸ ਸਰਕਾਰ ਦੇ ਰਾਜ 'ਚ ਉੱਚ ਸਿਆਸੀ ਆਗੂਆਂ ਦੀਆਂ ਛੱਤਰ ਛਾਇਆ ਦਾ ਨਿੱਘ ਮਾਣਦਾ ਹੋਇਆ ਇਹ ਵਿਅਕਤੀ ਸ਼ਾਮ ਪੈਂਦਿਆ ਹੀ ਕਿਵੇਂ ਆਪਣੇ ਘਰ 'ਚ ਮਹਿਫਲਾ ਸਜਾ ਕੇ ਬੇਪ੍ਰਵਾਹੀ ਨਾਲ ਜੂਏ ਦਾ ਕਾਰੋਬਾਰ ਕਰਦਾ ਹੈ ਇਸ ਦਾ ਵੀ ਖੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅੱਧੀ ਰਾਤ ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ
ਉਨ੍ਹਾਂ ਕਿਹਾ ਕਿ ਮੋਤੀ ਮਹਿਲ ਸਮੇਤ ਮੁੱਖ ਮੰਤਰੀ ਦੇ ਕੁਝ ਓ.ਐੱਸ.ਡੀਜ.ਨਾਲ ਸਿੱਧਾ ਰਾਬਤਾ ਹੋਣ ਦੇ ਦਾਅਵੇ ਕਰਨ ਵਾਲਾ ਇਹ ਵਿਅਕਤੀ ਕਿਹੜੇ-ਕਿਹੜੇ ਅਨਸਰਾਂ ਨਾਲ ਮਿਲ ਕੇ ਨਸ਼ਿਆਂ ਦਾ ਗੋਰਖ ਧੰਦਾਂ ਚਲਾਉਦਾ ਰਿਹਾ ਹੈ ਇਸ ਸਭ ਦੇ ਬਾਰੇ 'ਚ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਜਲਦ ਪੁਖਤੇ ਸਬੂਤਾਂ ਨਾਲ ਖੁਲਾਸੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਵੀ ਮੰਗੇਗੀ ਕਿ 1 ਮਹੀਨੇ 'ਚ ਪੰਜਾਬ 'ਚੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਆਪਣੀ ਹੀ ਬੁੱਕਲ 'ਚ ਬੈਠ ਕੇ ਨੌਜਵਾਨਾਂ ਨੂੰ ਡੱਸ ਰਹੇ ਅਜਿਹੇ ਜ਼ਹਿਰੀਲੇ ਸੱਪ ਆਖਰ ਦਿਖਾਈ ਕਿਉਂ ਨਹੀਂ ਦੇ ਰਹੇ। ਸ.ਮਾਹਲ ਨੇ ਆਖਿਆ ਕਿ ਮੁੱਖ ਮੰਤਰੀ ਦਾ ਖੁਦ ਨੂੰ ਨੇੜਲਾ ਸਾਥੀ ਦੱਸ ਕੇ ਲੋਕਾਂ ਨਾਲ ਵਧੀਕੀਆ ਕਰਨ 'ਚ ਹੱਦਾਂ ਬੰਨੇ ਪਾਰ ਕਰਨ ਵਾਲੇ ਇਸ ਧੱਕੇਸ਼ਾਹ ਵਿਅਕਤੀ ਦਾ ਨਾਮ ਨਸ਼ਰ ਕਰਦਿਆਂ ਹੀ ਵੱਡੀ ਗਿਣਤੀ 'ਚ ਇਸ ਦੀਆਂ ਵਧੀਕੀਆ ਦਾ ਸ਼ਿਕਾਰ ਹੋਏ ਲੋਕ ਇਸ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦੇਣਗੇ, ਕਿਉਕਿ ਅੱਜ ਤੱਕ ਜਿਹੜੇ ਲੋਕ ਖੁਦ ਨੂੰ ਇਕੱਲੇ ਤੇ ਬੇਵੱਸ ਸਮਝ ਰਹੇ ਸਨ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ
ਉਨ੍ਹਾਂ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਚੱਟਾਨ ਦੀ ਤਰ੍ਹਾਂ ਖਲੋਵੇਗੀ ਅਤੇ ਇਸ ਵਿਅਕਤੀ ਦੀ ਹਰੇਕ ਵਧੀਕੀ ਦਾ ਮੂੰਹ ਤੋੜ ਜਵਾਬ ਦੇਵੇਗੀ। ਸ.ਮਾਹਲ ਨੇ ਅਖੀਰ 'ਚ ਆਖਿਆ ਕਿ ਪੰਜਾਬ ਦੀ ਅਫਸਰਸ਼ਾਹੀ ਅਤੇ ਲੋਕਾਂ 'ਤੇ ਆਪਣਾ ਪ੍ਰਭਾਵ ਬਨਾਉਣ ਲਈ ਇਸ ਵਿਅਕਤੀਆਂ ਵੱਲੋਂ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਵੱਖ-ਵੱਖ ਮੌਕੇ ਖਿਚਵਾਈਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਾਣਗੀਆਂ ਅਤੇ ਕੇਂਦਰੀ ਜਾਂਚ ਏਜੰਸੀ ਤੋਂ ਮੰਗ ਕੀਤੀ ਜਾਵੇਗੀ ਕਿ ਨਸ਼ਿਆਂ ਦੇ ਮਾਮਲੇ 'ਚ ਹੁਣ ਤੱਕ ਇਸ ਵਿਅਕਤੀ ਦੀ ਕਿਹੜੇ ਸਿਆਸੀ ਲੀਡਰ ਪੁਸ਼ਤਪਨਾਹੀ ਕਰਦੇ ਆ ਰਹੇ ਹਨ ਉਨ੍ਹਾਂ ਦੀ ਵੀ ਬਰੀਕੀ ਨਾਲ ਜਾਂਚ ਕਰਵਾ ਕੇ ਸਾਰੀ ਸਚਾਈ ਪੰਜਾਬ ਵਾਸੀਆਂ ਦੇ ਸਾਮਣੇ ਲਿਆਂਦੀ ਜਾਵੇ।