ਨਗਰ ਨਿਗਮ ਉਪ ਚੋਣਾਂ : ਕਾਂਗਰਸੀ ਉਮੀਦਵਾਰਾਂ ਨੇ ਲਹਿਰਾਇਆ ਜਿੱਤ ਦਾ ਝੰਡਾ

06/21/2019 3:57:12 PM

ਅੰਮ੍ਰਿਤਸਰ : ਨਗਰ ਨਿਗਮ ਵਾਰਡ ਨੰ. 50 ਅਤੇ 71 ਦੀਆਂ ਉਪ ਚੋਣਾਂ ਲਈ ਮਾਮੂਲੀ ਲੜਾਈ ਦੌਰਾਨ ਵੋਟਾਂ ਪਾਈਆਂ ਗਈਆਂ। ਇਹ ਦੋਵੇਂ ਵਾਰਡ ਮੰਤਰੀ ਓ. ਪੀ. ਸੋਨੀ ਦੇ ਹਲਕੇ ਦੇ ਹਨ, ਜਿਸ ਨਾਲ ਉਨ੍ਹਾਂ ਦੇ ਉਮੀਦਵਾਰ ਦਾਅ 'ਤੇ ਲੱਗੇ ਸਨ। ਦੋਵੇਂ ਵਾਰਡਾਂ 'ਚ ਮੰਤਰੀ ਨੇ ਆਪਣੇ ਹਲਕੇ ਦੇ ਹੇਠਲੇ ਪੱਧਰ ਦੇ ਵਰਕਰ ਤੋਂ ਲੈ ਕੇ ਵੱਡੇ ਨੇਤਾਵਾਂ ਤੱਕ ਦੀ ਡਿਊਟੀ ਲਾਈ ਸੀ, ਜਿਸ ਨਾਲ ਵੋਟਾਂ ਵਾਲੇ ਦਿਨ ਵੀ ਸੀਨੀਅਰ ਕਾਂਗਰਸੀ ਨੇਤਾ ਬੂਥਾਂ 'ਚ ਬੈਠੇ ਰਹੇ ਅਤੇ ਘਰ-ਘਰ ਜਾ ਕੇ ਵੋਟਰਾਂ ਨੂੰ ਕੱਢਦੇ ਰਹੇ, ਫਿਰ ਵੀ ਵੋਟਰਾਂ ਨੇ ਘੱਟ ਰੁਝਾਨ ਦਿਖਾਇਆ। ਵਾਰਡ-50 ਤੋਂ ਕਾਂਗਰਸ ਦੀ ਰਾਜਵੀਰ ਕੌਰ ਅਤੇ 71 ਤੋਂ ਗੁਰਮੀਤ ਕੌਰ ਨੇ ਜਿੱਤ ਹਾਸਲ ਕੀਤੀ। ਜਿੱਤਣ ਤੋਂ ਬਾਅਦ ਦੋਵੇਂ ਜੇਤੂ ਉਮੀਦਵਾਰ ਮੰਤਰੀ ਸੋਨੀ ਦੇ ਨਿਵਾਸ 'ਤੇ ਪੁੱਜੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਮੰਤਰੀ ਨੇ ਦੋਵਾਂ ਜੇਤੂਆਂ ਦਾ ਮੂੰਹ ਮਿੱਠਾ ਕਰਵਾਇਆ। ਉਥੇ ਹੀ ਦੋਵੇਂ ਵਾਰਡਾਂ ਤੋਂ ਹਾਰੇ ਅਕਾਲੀ-ਭਾਜਪਾ ਦੇ ਨੇਤਾਵਾਂ ਨੇ ਧੱਕੇਸ਼ਾਹੀ ਦਾ ਦੋਸ਼ ਲਾਇਆ ਤੇ ਕਿਹਾ ਕਿ ਸਰਕਾਰੀ ਤੰਤਰ ਦੇ ਸਹਿਯੋਗ ਨਾਲ ਕਾਂਗਰਸ ਨੇ ਚੋਣ ਲੜੀ ਹੈ।

ਵਾਰਡ-50 : 2194 ਵੋਟਾਂ ਨਾਲ ਕਾਂਗਰਸ ਦੀ ਰਾਜਵੀਰ ਕੌਰ ਨੇ ਕੀਤੀ ਜਿੱਤ ਹਾਸਲ
ਕੁਲ ਵੋਟਾਂ 12184, ਪੋਲ ਹੋਈਆਂ ਵੋਟਾਂ 5616, ਬੂਥ 13, ਉਮੀਦਵਾਰ 3, ਭਾਜਪਾ- ਰਾਜ ਕੁਮਾਰ ਜੁਡੋ 1667, ਕਾਂਗਰਸ- ਰਾਜਵੀਰ ਕੌਰ 3861, ਆਮ ਆਦਮੀ ਪਾਰਟੀ- ਵਿਸ਼ਾਲ ਜੋਸ਼ੀ 56, ਨੋਟਾ 32 ਅਤੇ ਰਿਜੈਕਟ ਕੋਈ ਨਹੀਂ।

ਵਾਰਡ-71 : 34 ਵੋਟਾਂ ਨਾਲ ਕਾਂਗਰਸ ਦੀ ਗੁਰਮੀਤ ਕੌਰ ਨੇ ਕੀਤੀ ਜਿੱਤ ਹਾਸਲ
ਕੁਲ ਵੋਟਾਂ 8115, ਪੋਲ ਹੋਈਆਂ ਵੋਟਾਂ 4576 , ਬੂਥ 9, ਉਮੀਦਵਾਰ 4, ਅਕਾਲੀ ਦਲ- ਜਿੰਦਰ ਕੌਰ 2193, ਕਾਂਗਰਸ- ਗੁਰਮੀਤ ਕੌਰ 2227, ਸੀ. ਪੀ. ਆਈ.- ਰਜਵੰਤ ਕੌਰ 51, ਆਜ਼ਾਦ ਜਸਵੰਤ ਕੌਰ 57, ਨੋਟਾ 48 ਅਤੇ ਰਿਜੈਕਟ ਕੋਈ ਨਹੀਂ।

ਅਕਾਲੀ ਦਲ ਦੇ ਗੜ੍ਹ 'ਚ ਕਾਂਗਰਸ ਦਾ ਕਬਜ਼ਾ
ਵਾਰਡ-71 'ਚ ਭਾਵੇਂ 34 ਵੋਟਾਂ ਨਾਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਪਰ ਇਸ ਦੇ ਲਈ ਇਹ ਇਕ ਵੱਡੀ ਜਿੱਤ ਹੈ। ਉਕਤ ਸੀਟ 'ਤੇ ਸਾਲ 2012 ਦੀਆਂ ਚੋਣਾਂ 'ਚ ਅਕਾਲੀ ਦਲ ਤੋਂ ਦਿਲਬਾਗ ਸਿੰਘ ਨੇ ਜਿੱਤ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਮਹਿਲਾ ਸੀਟ ਹੋਣ 'ਤੇ ਇਸ ਵਾਰਡ ਤੋਂ 2017 'ਚ ਦਿਲਬਾਗ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਜਿੱਤ ਹਾਸਲ ਕੀਤੀ ਸੀ। ਪਿਛਲੇ ਸਾਲ ਪਰਮਜੀਤ ਕੌਰ ਦੀ ਮੌਤ ਹੋਣ 'ਤੇ ਉਨ੍ਹਾਂ ਦੀ ਸੀਟ 'ਤੇ ਉਪ ਚੋਣ ਹੋਈ, ਜਿਸ ਦੇ ਨਾਲ ਇਸ ਵਾਰ ਉਪ ਚੋਣਾਂ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਿੰਦਰ ਕੌਰ ਨੇ ਅਕਾਲੀ ਦਲ ਦੀ ਸੀਟ ਤੋਂ ਚੋਣ ਲੜੀ। ਉਕਤ ਸੀਟ 'ਤੇ ਸਮੂਹ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਪਰ ਦੂਜੇ ਪਾਸੇ ਮੰਤਰੀ ਸੋਨੀ ਦੀ ਟੀਮ ਨੇ ਵੀ ਦਿਨ-ਰਾਤ ਇਕ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ।

ਵਾਰਡ ਨੰ. 50 ਤੋਂ ਸਾਲ 2017 ਵਿਚ ਕਾਂਗਰਸ ਤੋਂ ਗੁਰਦੀਪ ਪਹਿਲਵਾਨ ਨੇ ਜਿੱਤ ਹਾਸਲ ਕੀਤੀ ਸੀ। ਸਾਲ 2018 'ਚ ਉਨ੍ਹਾਂ ਦੀ ਮੌਤ ਹੋਣ 'ਤੇ ਉਪ ਚੋਣਾਂ ਵਿਚ ਉਨ੍ਹਾਂ ਦੀ ਪਤਨੀ ਰਾਜਵੀਰ ਕੌਰ ਨੂੰ ਟਿਕਟ ਮਿਲੀ, ਜਿਸ ਦੇ ਨਾਲ ਸਮੂਹ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੇ ਰਾਜਵੀਰ ਕੌਰ ਨੂੰ ਸਪੋਰਟ ਕੀਤਾ, ਜਿਸ ਨਾਲ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਵੋਟ ਹਾਸਲ ਕੀਤੇ।

ਭਾਜਪਾ ਨੇਤਰੀ ਅਤੇ ਕਾਂਗਰਸੀ ਨੇਤਾ ਆਪਸ 'ਚ ਉਲਝੇ
ਡੀ. ਏ. ਵੀ. ਕਾਲਜ 'ਚ ਭਾਜਪਾ ਨੇਤਾ ਮੀਨੂ ਸਹਿਗਲ ਅਤੇ ਕਾਂਗਰਸੀ ਨੇਤਾ ਦਿਨੇਸ਼ ਬੱਸੀ ਦੀ ਪੋਲਿੰਗ ਬੂਥ ਦੇ ਬਾਹਰ ਜੰਮ ਕੇ ਬਹਿਸ ਹੋਈ। ਇਸ ਦੌਰਾਨ ਭਾਜਪਾ ਉਮੀਦਵਾਰ ਰਾਜ ਕੁਮਾਰ ਜੁਡੋ ਅਤੇ ਕਾਂਗਰਸ ਉਮੀਦਵਾਰ ਰਾਜਵੀਰ ਕੌਰ ਮੌਜੂਦ ਸਨ। ਦੋਵੇਂ ਗਰੁੱਪ ਇਕ-ਦੂਜੇ ਨਾਲ ਕਾਫ਼ੀ ਉਲਝੇ, ਬਾਅਦ ਵਿਚ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ।

ਆਮ ਆਦਮੀ ਪਾਰਟੀ ਦੀ ਕਰਾਰੀ ਹਾਰ
ਉਪ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ 50 ਨੰਬਰ ਵਾਰਡ ਵਿਚ ਹੀ ਉਮੀਦਵਾਰ ਖੜ੍ਹਾ ਸੀ ਪਰ ਇਸ ਵਾਰਡ 'ਚ ਵੀ 'ਆਪ' ਨੂੰ ਕਰਾਰੀ ਹਾਰ ਮਿਲੀ। ਉਥੇ ਹੀ ਵਾਰਡ-71 ਵਿਚ ਸੀ. ਪੀ. ਆਈ. ਦਾ ਇਕ ਉਮੀਦਵਾਰ ਅਤੇ ਇਕ ਆਜ਼ਾਦ ਉਮੀਦਵਾਰ ਵੀ ਖੜ੍ਹਾ ਸੀ।

ਵਾਰਡ-71 ਹੋਇਆ ਪੁਲਸ ਛਾਉਣੀ 'ਚ ਤਬਦੀਲ
ਅੰਨਗੜ੍ਹ ਇਲਾਕੇ 'ਚ ਸਵੇਰੇ ਵੋਟਿੰਗ ਦੇ ਸਮੇਂ ਹੀ ਅਕਾਲੀ ਅਤੇ ਕਾਂਗਰਸੀ ਨੇਤਾ ਆਹਮੋ-ਸਾਹਮਣੇ ਹੁੰਦੇ ਰਹੇ, ਜਿਸ ਨਾਲ ਵਾਰਡ-71 ਦੇ ਪੋਲਿੰਗ ਬੂਥ ਪੁਲਸ ਛਾਉਣੀ ਵਿਚ ਤਬਦੀਲ ਹੋ ਗਏ। ਉਥੇ 2 ਏ. ਡੀ. ਸੀ. ਪੀ. ਏ. ਸੀ. ਪੀ. ਅਤੇ ਭਾਰੀ ਪੁਲਸ ਫੋਰਸ ਤਾਇਨਾਤ ਸੀ।

ਕਾਂਗਰਸ ਦੇ ਸੀਨੀਅਰ ਨੇਤਾ ਬੂਥਾਂ ਦੇ ਬਾਹਰ ਰਹੇ ਤਾਇਨਾਤ
ਵਾਰਡ ਨੰ. 50 ਅਤੇ 71 'ਚ ਕਾਂਗਰਸ ਦੇ ਸਮੂਹ ਸੀਨੀਅਰ ਨੇਤਾ ਤਾਇਨਾਤ ਸਨ, ਉਥੇ ਹੀ ਜਿੱਤੇ ਹੋਏ ਕੌਂਸਲਰਾਂ ਨੇ ਵੀ ਕਮਾਨ ਸੰਭਾਲ ਰੱਖੀ ਸੀ। ਇਸ ਦੌਰਾਨ ਕਾਂਗਰਸ ਦੇ ਦਿਨੇਸ਼ ਬੱਸੀ, ਪ੍ਰੋ. ਦਰਬਾਰੀ ਲਾਲ, ਅਸ਼ਵਨੀ ਪੱਪੂ, ਮਹੇਸ਼ ਖੰਨਾ, ਰਾਜੂ ਕਿੰਗ, ਜ਼ਿਲਾ ਪ੍ਰਧਾਨ ਜਤਿੰਦਰ ਸੋਨੀਆ, ਪਰਮਜੀਤ ਚੋਪੜਾ, ਸੰਜੀਵ ਅਰੋੜਾ, ਬੀਬੀ ਗੁਰਮੀਤ ਕੌਰ ਦੇ ਪਤੀ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਸਾਊਥ-2 ਰਾਮਪਾਲ ਸਿੰਘ, ਅਸ਼ਵਨੀ ਸਹਿਦੇਵ, ਬਿੱਟੂ ਬਾਜਵਾ, ਪਪਹੇਲ ਸਿੰਘ ਸਮਰਾ, ਗਿੰਨੀ ਪਹਿਲਵਾਨ, ਹਰਦੀਪ ਸਿੰਘ ਤੁੰਗ, ਫੌਜੀ ਟੈਂਟ ਹਾਊਸ, ਜੱਸਾ ਪ੍ਰਧਾਨ, ਨਿਸ਼ਾਨ ਸਿੰਘ, ਧੰਨਾ ਪ੍ਰਧਾਨ, ਪ੍ਰਤਾਪ ਸਿੰਘ ਨੰਬਰਦਾਰ, ਲੱਖਾ ਸੰਧੂ, ਸ਼ੇਰ ਸਿੰਘ ਸੇਠੀ, ਬਲਵਿੰਦਰ ਸਿੰਘ, ਮੋਹਨਦੀਪ ਸਿੰਘ ਸੇਖੋਂ ਆਦਿ ਮੌਜੂਦ ਸਨ। ਉਥੇ ਹੀ ਭਾਜਪਾ ਦੇ ਕੁਝ ਨੇਤਾ ਹੀ ਬੂਥਾਂ 'ਤੇ ਕੁਝ ਦੇਰ ਲਈ ਦਿਸੇ ਅਤੇ ਕਈ ਨੇਤਾ ਮੂੰਹ ਵਿਖਾਈ ਕਰ ਕੇ ਜਾਂਦੇ ਬਣੇ। ਭਾਜਪਾ ਦੇ ਕਈ ਆਗੂ ਦੋਪਹੀਆ ਵਾਹਨਾਂ 'ਤੇ ਹੀ ਸੜਕਾਂ 'ਤੇ ਘੁੰਮਦੇ ਨਜ਼ਰ ਆਏ। ਕੁਝ ਭਾਜਪਾ ਨੇਤਾ 1-2 ਸਾਥੀਆਂ ਨਾਲ ਸੜਕਾਂ ਦੇ ਕਿਨਾਰਿਆਂ 'ਤੇ ਨਜ਼ਰ ਆਏ, ਜਦਕਿ ਭਾਜਪਾ ਮਹਿਲਾ ਮੋਰਚਾ ਦੀਆਂ ਆਗੂਆਂ ਬੂਥਾਂ ਦੇ ਬਾਹਰ ਟੇਬਲਾਂ 'ਤੇ ਬੈਠੀਆਂ ਨਜ਼ਰ ਆਈਆਂ। ਵਾਰਡ-71 'ਚ ਅਕਾਲੀ ਦਲ ਦੇ ਕਈ ਨੇਤਾ ਮੌਜੂਦ ਰਹੇ।

ਵਾਰਡ-71 'ਚ ਕਈ ਵਾਰ ਉਲਝੇ ਕਾਂਗਰਸੀ-ਅਕਾਲੀ
ਵਾਰਡ-71 'ਚ ਵੋਟਿੰਗ ਨੂੰ ਲੈ ਕੇ ਕਈ ਵਾਰ ਅਕਾਲੀ-ਕਾਂਗਰਸੀ ਨੇਤਾ ਆਪਸ 'ਚ ਉਲਝੇ। ਪੋਲਿੰਗ ਬੂਥਾਂ ਦੇ ਬਾਹਰ ਵੋਟ ਨੂੰ ਲੈ ਕੇ ਕਈ ਵਾਰ ਲੜਾਈ ਹੋਈ, ਜਿਸ ਦਾ ਦੋਵੇਂ ਪਾਰਟੀਆਂ ਦੇ ਨੇਤਾਵਾਂ ਨੇ ਇਕ-ਦੂਜੇ ਦਾ ਜੰਮ ਕੇ ਵਿਰੋਧ ਕੀਤਾ। ਪੁਲਸ ਅਧਿਕਾਰੀਆਂ ਦੀ ਹਾਜ਼ਰੀ 'ਚ ਲੜਾਈ ਸ਼ਾਂਤ ਹੋ ਗਈ, ਉਥੇ ਹੀ ਅਕਾਲੀ ਦਲ ਦੇ ਨੇਤਾਵਾਂ ਨੇ ਧੱਕਾ ਕੀਤੇ ਜਾਣ ਦੇ ਦੋਸ਼ ਲਾਏ ਕਿ ਕਾਂਗਰਸ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਧਾਂਦਲੀ ਕਰ ਰਹੀ ਹੈ।

ਵੋਟਰਾਂ ਨੇ ਦਿੱਤੀ ਗੁਰਦੀਪ ਪਹਿਲਵਾਨ ਨੂੰ ਸੱਚੀ ਸ਼ਰਧਾਂਜਲੀ : ਰਾਜਵੀਰ ਕੌਰ
ਵਾਰਡ-50 ਤੋਂ ਜੇਤੂ ਰਾਜਵੀਰ ਕੌਰ ਨੇ ਕਿਹਾ ਕਿ ਵੋਟਰਾਂ ਨੇ ਸਵ. ਗੁਰਦੀਪ ਪਹਿਲਵਾਨ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਾਂਗੀ ਅਤੇ ਲੋਕਾਂ ਦੀ ਸੇਵਾ ਕਰਾਂਗੀ। ਉਨ੍ਹਾਂ ਆਪਣੀ ਜਿੱਤ ਦਾ ਸਿਹਰਾ ਮੰਤਰੀ ਓ. ਪੀ. ਸੋਨੀ ਨੂੰ ਦਿੱਤਾ।

ਰਾਜਵੀਰ ਕੌਰ ਦੀਆਂ ਅੱਖਾਂ 'ਚ ਆਏ ਹੰਝੂ
ਉਪ ਚੋਣ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਰਾਜਵੀਰ ਕੌਰ ਨੇ ਆਪਣੇ ਸਵ. ਪਤੀ ਗੁਰਦੀਪ ਸਿੰਘ ਦੀ ਫੋਟੋ ਨੂੰ ਸਿਰੋਪਾਓ ਭੇਟ ਕੀਤਾ, ਉਥੇ ਹੀ ਉਨ੍ਹਾਂ ਦੀਆਂ ਫੋਟੋ ਦੇਖ ਕੇ ਰਾਜਵੀਰ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਦੌਰਾਨ ਉਥੇ ਖੜ੍ਹੇ ਨੇਤਾ ਅਤੇ ਕਾਂਗਰਸੀ ਸਮਰਥਕਾਂ ਦਾ ਵੀ ਮਨ ਭਰ ਆਇਆ।

ਇਹ ਜਿੱਤ ਮੰਤਰੀ ਸੋਨੀ ਦੀ ਹੈ : ਗੁਰਮੀਤ ਕੌਰ
ਵਾਰਡ-71 ਤੋਂ ਜੇਤੂ ਗੁਰਮੀਤ ਕੌਰ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਜਿੱਤ ਮੰਤਰੀ ਓ. ਪੀ. ਸੋਨੀ ਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੀ ਸੇਵਾ ਕਰੇਗੀ।


Baljeet Kaur

Content Editor

Related News