ਜਾਣੋ ਬੰਬ ਧਮਾਕਿਆਂ ਨਾਲ ਕਦੋਂ-ਕਦੋਂ ਦਹਿਲਿਆ ਪੰਜਾਬ
Sunday, Nov 18, 2018 - 11:58 PM (IST)
ਅੰਮ੍ਰਿਤਸਰ - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀ ਭਵਨ 'ਚ ਸਤਸੰਗ ਦੌਰਾਨ ਹੋਏ ਧਮਾਕੇ ਨੇ ਪੂਰਾ ਪੰਜਾਬ ਦਹਿਲਾ ਕੇ ਰੱਖ ਦਿੱਤਾ ਹੈ। ਇਹ ਹੀ ਨਹੀਂ ਇਸ ਤੋਂ ਪਹਿਲਾਂ ਕਈ ਵਾਰ ਪੰਜਾਬ ਇਸ ਤਰ੍ਹਾਂ ਦੇ ਹਮਲਿਆਂ ਨਾਲ ਦਹਿਲ ਚੁੱਕਾ ਹੈ। ਤੁਹਾਨੂੰ ਦੱਸਦੇ ਹਾਂ ਇਸ ਤੋਂ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲਿਆਂ 'ਚ ਵਾਪਰੇ ਦਿਲ-ਦਹਿਲਾ ਦੇਣ ਵਾਲੇ ਹਾਦਸੇ।
ਪਠਾਨਕੋਟ ਬੰਬ ਧਮਾਕਾ
ਜਨਵਰੀ 2016 'ਚ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ 'ਤੇ 7 ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਇਹ ਕਾਰਵਾਈ ਲਗਾਤਾਰ 17 ਘੰਟੇ ਚਲਦੀ ਰਹੀ। ਇਸ ਹਮਲੇ ਦੌਰਾਨ 4 ਅੱਤਵਾਦੀ ਮਾਰੇ ਗਏ ਤੇ 6 ਫੌਜ਼ੀ ਸ਼ਹੀਦ ਹੋ ਗਏ ਸਨ। ਇਹ ਕਾਰਵਾਈ 4 ਜਨਵਰੀ ਨੂੰ ਵੀ ਜਾਰੀ ਰਹੀ ਤੇ ਇਕ ਬੰਬ ਨੂੰ ਡਿਫੀਊਜ਼ ਕਰਦੇ ਸਮੇਂ ਹੋਏ ਧਮਾਕੇ ਦੌਰਾਨ ਫੌਜ ਦੇ ਇਕ ਸੀਨੀਅਰ ਅਧਿਕਾਰੀ ਨਿਰੰਜਨ ਸਿੰਘ ਵੀ ਸ਼ਹੀਦ ਹੋ ਗਏ ਸਨ।
ਮੌੜ ਮੰਡੀ ਬੰਬ ਧਮਾਕਾ
ਜਨਵਰੀ 2017 'ਚ ਬਠਿੰਡਾ ਦੀ ਮੌੜ ਮੰਡੀ 'ਚ ਇਕ ਕਾਰ 'ਚ ਹੋਏ ਧਮਾਕੇ ਦੌਰਾਨ ਤਿੰਨ ਦੀ ਮੌਤ ਹੋ ਗਈ ਤੇ 15 ਵਿਅਕਤੀ ਜ਼ਖਮੀ ਹੋ ਗਏ ਸਨ, ਜਿਥੇ ਇਹ ਧਮਾਕਾ ਹੋਇਆ ਉਥੋਂ 100 ਮੀਟਰ ਦੀ ਦੂਰੀ 'ਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਕਾਰ 'ਚ ਲੱਗੀ ਗੈਸ ਕਿੱਟ ਦੇ ਕਾਰਨ ਹੋਇਆ ਪਰ ਕੁਝ ਵਿਅਕਤੀਆਂ ਵਲੋਂ ਦੋਸ਼ ਲਗਾਇਆ ਗਿਆ ਕਿ ਉਕਤ ਧਮਾਕਾ ਡੇਰਾ ਸਿਰਸਾ ਦੇ ਇਸ਼ਾਰੇ 'ਤੇ ਕਰਵਾਇਆ ਗਿਆ ਸੀ।
ਗੁਰਦਾਸਪੁਰ ਬੰਬ ਧਮਾਕਾ
ਅਪ੍ਰੈਲ 2017 ਗੁਰਦਾਸਪੁਰ 'ਚ ਸਥਿਤ ਇਕ ਕਬਾੜ ਦੀ ਦੁਕਾਨ 'ਚ ਅਚਾਨਕ ਬੰਬ ਧਮਾਕਾ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਤੇ 6 ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਕਬਾੜੀਆਂ ਕਿਸੇ ਚੀਜ਼ ਨੂੰ ਚੈੱਕ ਕਰ ਰਿਹਾ ਸੀ ਤੇ ਅਚਾਨਕ ਬਲਾਸਟ ਹੋਣ ਗਿਆ।
ਜਲੰਧਰ ਬੰਬ ਧਮਾਕਾ
ਸਤਬੰਰ 2018 'ਚ ਜਲੰਧਰ ਦੇ ਮਕਸੂਦਾ ਥਾਣੇ ਅੰਦਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਾਰ ਧਮਾਕੇ ਕੀਤੇ ਗਏ, ਜਿਸ ਦੌਰਾਨ ਥਾਣੇ ਅੰਦਰ ਤੇ ਉਸ ਦੇ ਆਲੇ-ਦੁਆਲੇ ਭਗਦੜ ਮੱਚ ਗਈ। ਇਸ ਹਾਦਸੇ ਦੌਰਾਨ ਇਕ ਪੁਲਸ ਕਰਮੀ ਜ਼ਖਮੀ ਹੋ ਗਿਆ ਸੀ ਤੇ ਪੁਲਸ ਵਲੋਂ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਜੋੜੇ ਕੇ ਦੇਖ ਰਹੀ ਸੀ, ਜਿਸ ਤੋਂ ਕੁਝ ਮਹੀਨੇ ਬਾਅਦ ਪੁਲਸ ਵਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਅਸਲੇ ਤੇ ਧਮਾਕਾਖੇਜ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਇੰਟੈਲੀਜੈਂਸ ਵਲੋਂ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ, ਜਿਸ ਲਈ ਪੰਜਾਬ 'ਚ ਹਾਈ ਅਲਰਟ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਬਾਵਜੂਦ ਇਸ ਦੇ ਅਜਿਹੀ ਮੰਦਭਾਗੀ ਘਟਨਾ ਦੇ ਵਾਪਰਨ ਨਾਲ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ।