ਅੰਮ੍ਰਿਤਸਰ ਧਮਾਕੇ ਦਾ ਦੂਜਾ ਦੋਸ਼ੀ ਗ੍ਰਿਫਤਾਰ, ਡੀ. ਜੀ. ਪੀ. ਵਲੋਂ ਵੱਡੇ ਖੁਲਾਸੇ

11/24/2018 4:51:35 PM

ਚੰਡੀਗੜ (ਮਨਮੋਹਨ, ਸੰਜੀਵ, ਰਵਿੰਦਰ)  : ਅੰਮ੍ਰਿਤਸਰ ਧਮਾਕੇ ਦੇ ਦੂਜੇ ਦੋਸ਼ੀ ਅਵਤਾਰ ਸਿੰਘ ਨੂੰ ਵੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵਲੋਂ ਪ੍ਰੈੱਸ ਕਾਨਫਰਸੰ ਦੌਰਾਨ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਅਵਤਾਰ ਸਿੰਘ 'ਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਸੀ। ਉਨ੍ਹਾਂ ਕਿਹਾ ਕਿ ਵਾਰਦਾਤ ਵੇਲੇ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਸ ਧਮਾਕੇ ਦੇ ਪਹਿਲੇ ਦੋਸ਼ੀ ਵਿਕਰਮਜੀਤ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 
ਡੀ. ਜੀ. ਪੀ. ਨੇ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਪਹਿਲੇ ਦੋਸ਼ੀ ਵਿਕਰਮਜੀਤ ਤੋਂ ਪੁੱਛਗਿੱਛ ਤੋਂ ਬਾਅਦ ਹੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ 32 ਬੋਰ ਦੀ ਪਿਸਤੌਲ ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਸ਼ੀਆਂ ਦਾ ਕੋਈ ਵੀ ਕ੍ਰਿਮੀਨਲ ਪਿਛੋਕੜ ਸਾਹਮਣੇ ਨਹੀਂ ਆਇਆ ਹੈ। 
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਅਜਿਹੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਬਾਹਰ ਬੈਠੇ ਲੋਕ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਕੁਰਾਹੇ ਪਾ ਰਹੇ ਹਨ। ਉਨ੍ਹਾਂ ਅਵਤਾਰ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਉਹ ਦਵਾਈਆਂ ਦਾ ਕੰਮ ਕਰਦਾ ਸੀ।


Babita

Content Editor

Related News