ਪੁੱਤ ਦੀ ਲਾਲਸਾ ਰੱਖਣ ਵਾਲੇ ਮੇਰੇ ਪਤੀ ਨੇ ਧੀ ਨੂੰ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ : ਰਤਨਦੀਪ

Saturday, Nov 10, 2018 - 05:57 PM (IST)

ਪੁੱਤ ਦੀ ਲਾਲਸਾ ਰੱਖਣ ਵਾਲੇ ਮੇਰੇ ਪਤੀ ਨੇ ਧੀ ਨੂੰ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ : ਰਤਨਦੀਪ

ਅੰਮ੍ਰਿਤਸਰ (ਛੀਨਾ) - ਮੇਰੀ ਕੁੱਖ ਤੋਂ ਧੀ ਪੈਦਾ ਹੋਣ ਕਾਰਨ ਪੁੱਤਰ ਦੀ ਲਾਲਸਾ ਰੱਖਣ ਵਾਲੇ ਮੇਰੇ ਪਤੀ ਨੇ ਇਕ ਵਾਰ ਉਸ ਨੂੰ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ। ਇਹ ਪ੍ਰਗਟਾਵਾ ਰਤਨਦੀਪ ਕੌਰ ਪੁੱਤਰੀ ਵਰਜੀਤ ਸਿੰਘ ਵਾਸੀ ਨਿਊ ਗੁਰਨਾਮ ਨਗਰ ਨੇ ਅੱਜ ਇਥੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 14 ਜਨਵਰੀ 2018 ਨੂੰ ਮੇਰਾ ਵਿਆਹ ਜਗਜੀਤ ਸਿੰਘ ਪੁੱਤਰ ਬਲਕਾਰ ਸਿੰਘ ਨਾਲ ਪੂਰੀ ਸ਼ਾਨੋਂ ਸ਼ੋਕਤ ਨਾਲ ਹੋਇਆ ਸੀ ਤੇ ਵਿਆਹ ’ਤੇ ਮੇਰੇ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਵੀ ਦਿੱਤਾ ਪਰ ਜਗਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਤੋਂ ਥੋਡ਼ੀ ਦੇਰ ਬਾਅਦ ਹੀ ਦਾਜ ਘੱਟ ਲਿਆਉਣ ਦੇ ਤਾਹਨੇ ਮਾਰਦਿਆਂ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰਤਨਦੀਪ ਕੌਰ ਨੇ ਕਿਹਾ ਕਿ ਮੇਰੇ ਗਰਭਵਤੀ ਹੋਣ ਤੋਂ ਬਾਅਦ ਮੈਡੀਕਲ ਦਾ ਸਾਰਾ ਖਰਚ ਮੇਰੇ ਪਿਤਾ ਨੇ ਕੀਤਾ ਸੀ ਜਿਸ ਦੇ ਸਾਰੇ ਬਿੱਲ ਸਾਡੇ ਕੋਲ ਮੌਜੂਦ ਹਨ ਪਰ ਮੇਰੀ ਡਿਲਵਰੀ ਵੇਲੇ ਹਸਪਤਾਲ ਦਾ ਬਿੱਲ ਮੇਰੇ ਪਤੀ ਜਗਜੀਤ ਸਿੰਘ ਨੇ ਭਰਿਆ ਸੀ ਜਿਸ ਨੂੰ ਉਹ ਹੁਣ ਮੀਡੀਆ ਸਾਮਣੇ ਪੇਸ਼ ਕਰਕੇ ਸੱਚਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਤਨਦੀਪ ਕੌਰ ਨੇ ਕਿਹਾ ਮੇਰੀ ਕੁੱਖੋਂ ਬੇਟੀ ਪੈਦਾ ਹੋਣ ਤੋਂ ਬਾਅਦ ਮੇਰੇ ਪਿਤਾ ਨੇ ਜਗਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਫੋਨ ਕੀਤੇ ਕਿ ਤੁਸੀਂ ਹੁਣ ਰਤਨਦੀਪ ਤੇ ਉਸ ਦੀ ਬੇਟੀ ਨੂੰ ਆਪਣੇ ਘਰ ਲੈ ਜਾਓ ਪਰ ਉਨ੍ਹਾਂ ਨੇ ਮੇਰੇ ਪਿਤਾ ਦੀ ਇਕ ਨਾ ਸੁਣੀ ਜਿਸ ਕਾਰਨ ਹੁਣ ਮੈਂ ਤੇ ਮੇਰੀ ਬੇਟੀ ਆਪਣੇ ਮਾਤਾ ਪਿਤਾ ਦੇ ਘਰ ’ਚ ਰਹਿਣ ਲਈ ਮਜਬੂਰ ਹਾਂ। ਉਸ ਨੇ ਕਿਹਾ ਕਿ ਮੇਰਾ ਪਤੀ ਦੋਸ਼ ਲਗਾ ਰਿਹਾ ਹੈ ਕਿ ਮੈਂ ਉਸ ਨਾਲ ਪਿੰਡ ’ਚ ਨਹੀਂ ਰਹਿਣਾ ਚਾਹੁੰਦੀ ਜਦਕਿ ਸੱਚਾਈ ਤਾਂ ਇਹ ਹੈ ਕਿ ਉਹ ਮੈਨੂੰ ਆਪਣੇ ਨਾਲ ਰੱਖਣਾ ਹੀ ਨਹੀਂ ਚਾਹੁੰਦਾ ਤੇ ਹੁਣ ਬੇਟੀ ਹੋਣ ਤੋਂ ਬਾਅਦ ਤਾਂ ਉਹ ਸਾਡੇ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ। ਰਤਨਦੀਪ ਕੌਰ ਨੇ ਪੁਲਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਉਦਿਆਂ ਕਿਹਾ ਕਿ ਮੈਂ ਆਪਣੀ ਨਿਕੀ ਜਿਹੀ ਬਾਲਡ਼ੀ ਨੂੰ ਕਿਵੇਂ ਪਾਲਾਂਗੀ ਸਾਡੇ ਨਾਲ ਇਨਸਾਫ ਕੀਤਾ ਜਾਵੇ।


Related News