ਲੰਚ-ਡਿਨਰ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਗੁਰੂ ਨਗਰੀ ਦੇ ਟੂਰਿਸਟ

10/12/2019 11:44:01 AM

ਅੰਮ੍ਰਿਤਸਰ (ਇੰਦਰਜੀਤ) : ਵਰਤਮਾਨ ਸਮੇਂ 'ਚ ਬਾਜ਼ਾਰ ਵਿਚ ਖਾਣ-ਪੀਣ ਦੀਆਂ ਚੀਜ਼ਾਂ 'ਚ ਮਹਿੰਗਾਈ ਦੀ ਸਮੱਸਿਆ ਵਿਸ਼ਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਸ਼ਹਿਰ 'ਚ 1 ਲੱਖ ਤੋਂ ਵੱਧ ਟੂਰਿਸਟ ਹਰ ਰੋਜ਼ ਆਉਂਦੇ ਹਨ, ਜੋ ਮਹਿੰਗੇ ਲੰਚ-ਡਿਨਰ ਤੋਂ ਪ੍ਰੇਸ਼ਾਨ ਹਨ, ਉਥੇ ਹੀ ਬਿਨਾਂ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਵਾਲੇ ਦੁਕਾਨਦਾਰ ਅਤੇ ਢਾਬੇ ਵਾਲੇ ਆਪਣੇ ਸਾਮਾਨ ਦੇ ਰੇਟ 3 ਸਟਾਰ ਹੋਟਲ ਅਤੇ ਰੈਸਟੋਰੈਂਟ ਦੇ ਬਰਾਬਰ ਬਣਾ ਕੇ ਬੈਠੇ ਹੋਏ ਹਨ। ਅਸਲੀ ਲਾਗਤ ਨਾਲੋਂ 4 ਤੋਂ 10 ਗੁਣਾ ਤੱਕ ਰੇਟ ਚਾਰਜ ਕੀਤੇ ਜਾ ਰਹੇ ਹਨ। ਇਸ ਤੋਂ ਵੀ ਵੱਡੀ ਗੱਲ ਹੈ ਕਿ ਇਹ ਵਿਕਰੇਤਾ ਜਿਥੇ ਟੂਰਿਸਟਾਂ ਤੋਂ ਕਈ ਗੁਣਾ ਵੱਧ ਰੇਟ ਲੈਂਦੇ ਹਨ, ਉਥੇ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ, ਜਿਨ੍ਹਾਂ ਦੀ ਸੇਲ ਹਰ ਰੋਜ਼ 50 ਹਜ਼ਾਰ ਤੋਂ ਵੱਧ ਯਾਨੀ 1 ਸਾਲ 'ਚ 2 ਕਰੋੜ ਤੋਂ ਵੀ ਵੱਧ ਹੈ ਪਰ ਉਨ੍ਹਾਂ ਕੋਲ ਜੀ. ਐੱਸ. ਟੀ. ਨੰਬਰ ਨਹੀਂ ਹੈ, ਜਿਸ ਕਾਰਨ ਸਰਕਾਰ ਨੂੰ ਵੀ ਰੈਵੀਨਿਊ ਦਾ ਨੁਕਸਾਨ ਹੁੰਦਾ ਹੈ।

ਇਕ ਰੋਟੀ 10 ਰੁਪਏ ਦੀ
1 ਕਿਲੋ ਆਟੇ ਨਾਲ 25 ਤੋਂ 40 ਰੋਟੀਆਂ ਬਣਦੀਆਂ ਹਨ। ਢਾਬਿਆਂ 'ਚ ਮਿਲਣ ਵਾਲੀ ਰੋਟੀ ਦੀ ਕੀਮਤ 10 ਰੁਪਏ ਹੈ। ਆਟੇ ਦੀ ਕੀਮਤ 20 ਤੋਂ 25 ਰੁਪਏ ਕਿਲੋ ਰੋਟੀ ਦੀ ਲਾਗਤ 1 ਰੁਪਏ ਦੇ ਕਰੀਬ।

ਇਕ ਪਲੇਟ ਦਾਲ 160 ਰੁਪਏ 'ਚ
ਸਾਬਤ ਮਸਰ ਦੀ ਦਾਲ ਦੀ ਪਲੇਟ ਆਮ ਢਾਬੇ 'ਤੇ ਅੰਮ੍ਰਿਤਸਰ ਵਿਚ ਕੀਮਤ 160 ਪ੍ਰਤੀ ਪਲੇਟ ਹੈ, ਜਦੋਂ ਕਿ 1 ਕਿਲੋ ਦਾਲ 'ਚ 20 ਤੋਂ 25 ਪਲੇਟਾਂ ਦਾਲ ਤਿਆਰ ਹੋ ਜਾਂਦੀ ਹੈ।

ਪਾਲਕ ਪਨੀਰ ਦੀ ਪਲੇਟ 300 ਰੁਪਏ ਦੀ
ਸ਼ਹਿਰ 'ਚ ਆਉਣ ਵਾਲੇ ਟੂਰਿਸਟ ਢਾਬੇ 'ਤੇ ਜੇਕਰ ਇਕ ਪਲੇਟ ਪਾਲਕ ਪਨੀਰ, ਸ਼ਾਹੀ ਪਨੀਰ ਅਤੇ ਪਨੀਰ ਦਾ ਕੋਈ ਵੀ ਪਕਵਾਨ ਮੰਗਵਾਉਂਦੇ ਹਨ ਤਾਂ ਇਕ ਪਲੇਟ ਪਨੀਰ ਵਾਲੀ ਸਬਜ਼ੀ 260 ਰੁਪਏ ਤੋਂ 320 ਵਿਚ ਮਿਲਦੀ ਹੈ। ਪਨੀਰ ਦੀ ਕੀਮਤ 320 ਪ੍ਰਤੀ ਕਿਲੋ ਹੈ। ਇਕ ਪਲੇਟ 'ਚ 150 ਗ੍ਰਾਮ ਪਨੀਰ ਜੋ ਕਿ ਵੱਧ ਤੋਂ ਵੱਧ 50 ਰੁਪਏ ਦਾ ਬਣਦਾ ਹੈ, ਕੁਲ ਮਿਲਾ ਕੇ ਇਕ ਪਲੇਟ ਦੀ ਲਾਗਤ 70 ਰੁਪਏ ਤੋਂ ਵੱਧ ਨਹੀਂ ਹੁੰਦੀ। ਉਥੇ ਵੱਡੇ ਹੋਟਲਾਂ ਵਿਚ ਤਾਂ ਇਨ੍ਹਾਂ ਚੀਜ਼ਾਂ ਦੀ ਕੀਮਤ ਇਸ ਤੋਂ ਵੀ 2 ਗੁਣਾ ਜ਼ਿਆਦਾ ਹੁੰਦੀ ਹੈ।

ਜਲੰਧਰ ਅਤੇ ਲੁਧਿਆਣਾ ਹੈ ਸਸਤਾ
ਜੇਕਰ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਗੱਲ ਕਰੀਏ ਤਾਂ ਆਮ ਬਾਜ਼ਾਰਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਜਲੰਧਰ ਅਤੇ ਲੁਧਿਆਣਾ ਵਿਚ ਕਾਫ਼ੀ ਘੱਟ ਹਨ ਕਿਉਂਕਿ ਇਥੋਂ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਨਜ਼ਦੀਕ ਆਉਣ ਵਾਲੇ ਲੋਕਾਂ ਨੂੰ ਬਰੇਕਫਾਸਟ, ਲੰਚ ਅਤੇ ਡਿਨਰ ਕਾਫ਼ੀ ਸਸਤਾ ਮਿਲ ਜਾਂਦਾ ਹੈ।

ਟੈਕਸ ਚੋਰੀ 'ਤੇ ਹੋਵੇਗੀ ਸਖ਼ਤ ਕਾਰਵਾਈ
ਇਸ ਸਬੰਧੀ ਸਹਾਇਕ ਕਮਿਸ਼ਨਰ ਅੰਮ੍ਰਿਤਸਰ-2 ਮੈਡਮ ਰਮਨਪ੍ਰੀਤ ਕੌਰ ਤੇ ਟੈਕਸੇਸ਼ਨ ਅਧਿਕਾਰੀ ਜਸਵਿੰਦਰ ਚੌਧਰੀ ਦਾ ਕਹਿਣਾ ਹੈ ਕਿ ਜੋ ਲੋਕ ਜ਼ਿਆਦਾ ਸੇਲ ਕਰਨ ਦੇ ਬਾਵਜੂਦ ਜੀ. ਐੱਸ. ਟੀ. ਨੰਬਰ ਨਹੀਂ ਲੈ ਰਹੇ, ਉਨ੍ਹਾਂ 'ਤੇ ਵਿਭਾਗ ਕਾਰਵਾਈ ਕਰੇਗਾ, ਇਸ ਦੇ ਲਈ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਜਾਣਗੀਆਂ।

ਕੀਮਤਾਂ ਦੀ ਸਮੀਖਿਆ ਕੀਤੀ ਜਾਵੇਗੀ : ਡੀ. ਸੀ.
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਟੂਰਿਸਟਾਂ ਦਾ ਗੁਰੂ ਨਗਰੀ 'ਚ ਆਉਣਾ ਸਾਡੇ ਲਈ ਸ਼ਾਨ ਦੀ ਗੱਲ ਹੈ, ਉਨ੍ਹਾਂ ਨੂੰ ਮਹਿੰਗਾ ਸਾਮਾਨ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ।


Baljeet Kaur

Content Editor

Related News