''ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਦਾ ਭੁਗਤਾਨ ਸਰਕਾਰ ਜਲਦ ਕਰੇ''

05/04/2019 11:32:35 AM

ਅੰਮ੍ਰਿਤਸਰ (ਦੀਪਕ) : ਭਾਰਤ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਤੋਂ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਸੀ, 'ਚ ਉਸ ਸਮੇਂ ਰੁਕਾਵਟ ਪੈ ਗਈ ਜਦੋਂ ਪੰਜਾਬ ਸਰਕਾਰ ਨੇ 50 ਦਿਨ ਪਹਿਲਾਂ ਲਾਂਘੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਹਾਸਲ ਕਰਨ ਤੋਂ ਬਾਅਦ ਅੱਜ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਭੁਗਤਾਨ ਨਹੀਂ ਕੀਤਾ। ਨਤੀਜੇ ਵਜੋਂ ਕਿਸਾਨਾਂ ਨੇ ਨਿਰਮਾਣ ਕਾਰਜ ਨੂੰ ਰੋਕ ਕੇ ਟਰੱਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਅਤੇ ਜ਼ਮੀਨਾਂ ਦਾ ਭੁਗਤਾਨ ਨਾ ਹੋਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਜਾਮ ਲਾ ਦਿੱਤਾ। ਕਿਸਾਨ ਕਹਿ ਰਹੇ ਹਨ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ, ਜਦਕਿ 10 ਤੋਂ 20 ਫੀਸਦੀ ਤੱਕ ਟੀ. ਡੀ. ਐੱਸ. ਕੱਟਣ ਬਾਰੇ ਸਰਕਾਰ ਨੇ ਸਾਨੂੰ ਪਹਿਲਾਂ ਇਤਲਾਹ ਨਹੀਂ ਸੀ ਦਿੱਤੀ, ਜਿਸ ਕਰ ਕੇ ਉਨ੍ਹਾਂ ਨੂੰ ਸਾਢੇ 3 ਲੱਖ ਰੁਪਏ ਪ੍ਰਤੀ ਏਕੜ ਦਾ ਘਾਟਾ ਪੈ ਰਿਹਾ ਹੈ।

ਪੰਜਾਬ ਸਰਕਾਰ ਦੀ ਇਸ ਲਾਪ੍ਰਵਾਹੀ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਭੁਗਤਾਨ ਨਾ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ 'ਚ ਰੁਕਾਵਟਾਂ ਪਾਉਣ ਲਈ ਸਿੱਧੇ ਤੌਰ 'ਤੇ ਉਸ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਬਣਾਉਣਾ ਜਿਥੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਕ ਸਾਂਝਾ ਉਪਰਾਲਾ ਹੈ, ਉਥੇ ਇਸ ਧਾਰਮਿਕ ਕਾਰਜ ਵਿਚ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਇਸ ਵਿਕਾਸ ਕੰਮ ਵਿਚ ਵੱਡੀ ਰੁਕਾਵਟ ਪੈਦਾ ਕਰ ਰਹੀ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਜ਼ਮੀਨਾਂ ਲੈਣ ਤੋਂ ਬਾਅਦ ਕਿਸਾਨਾਂ ਦਾ ਭੁਗਤਾਨ ਜਲਦ ਤੋਂ ਜਲਦ ਅਦਾ ਕਰੇ ਅਤੇ ਵਿਕਾਸ ਦੇ ਕੰਮ 'ਚ ਤੇਜ਼ੀ ਲਿਆਵੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਲਾਂਘਾ ਤਿਆਰ ਹੋ ਕੇ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਸ਼ੁਰੂ ਕਰਨਾ ਸਾਰੀਆਂ ਕੌਮਾਂ ਲਈ ਇਕ ਵਰਦਾਨ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਦਖਲ ਦੇ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਰੋਕਣ ਲਈ ਉਚੇਚੇ ਤੌਰ 'ਤੇ ਕਦਮ ਉਠਾਉਣ ਤਾਂ ਕਿ ਇਸ ਧਾਰਮਿਕ ਕਾਰਜ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾ ਸਕੇ।


Baljeet Kaur

Content Editor

Related News