ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਫਿਰ ਘੱਟ ਹੋਈ ਸੰਗਤ ਦੀ ਆਮਦ
Saturday, Jul 11, 2020 - 10:05 AM (IST)
ਅੰਮ੍ਰਿਤਸਰ (ਅਨਜਾਣ) : ਭਾਵੇਂ ਬੀਤੇ ਦਿਨ ਤਾਪਮਾਨ 38 ਫ਼ੀਸਦੀ ਰਿਹਾ ਪਰ ਹਵਾ ਦੇ ਨਾ ਚੱਲਣ ਤੇ ਹੁੰਮਸ ਹੋਣ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਬਹੁਤ ਘੱਟ ਰਹੀ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਡਿਊਟੀ ਸੇਵਾਦਾਰਾਂ ਤੇ ਤਿਨ ਪਹਿਰੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਸੰਭਾਲੀ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਦਿਆਂ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵਲੋਂ ਮੁਖ ਵਾਕ ਲਿਆ ਗਿਆ ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਛਕ ਕੇ ਤੇ ਸਰੋਵਰ 'ਚ ਇਸ਼ਨਾਨ ਕਰਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਜਥੇਦਾਰ ਅਕਾਲ ਤਖ਼ਤ ਨੇ ਕੀਤੀ ਮੁਖ ਵਾਕ ਦੀ ਕਥਾ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਖ ਵਾਕ ਦੀ ਕਥਾ ਕੀਤੀ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 722 'ਤੇ ਸੁਭਾਏਮਾਨ ਤਿਲੰਗ ਮ: ਪਹਿਲਾ ਦੇ ਸ਼ਬਦ ਦੀ ਕਥਾ ਕਰਦਿਆਂ ਸਿੰਘ ਸਾਹਿਬ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹਿਰਦੇ ਘਰ 'ਚ ਹੀ ਹੈ। ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ? ਇਸ ਸ਼ਬਦ 'ਚ ਪਰਮ ਪਿਤਾ ਪ੍ਰਭੂ ਪਤੀ ਪਰਮੇਸ਼ਵਰ ਨੂੰ ਮਿਲਣ ਦਾ ਰਾਹ ਦਰਸਾਇਆ ਗਿਆ ਹੈ। ਸਿੰਘ ਸਾਹਿਬ ਨੇ ਸੰਗਤਾਂ ਨੂੰ ਪ੍ਰਭੂ ਦੇ ਚਰਨਾਂ 'ਚ ਰਹਿ ਕੇ ਵਿਚਰਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਤਾਂ ਸਾਡੇ ਹਿਰਦੇ ਘਰ 'ਚ ਹੀ ਹੈ ਫੇਰ ਅਸੀਂ ਬਾਹਰ ਦੇ ਰਸਤਿਆਂ (ਜੰਗਲਾਂ) 'ਚ ਕਿਵੇਂ ਭਟਕਦੇ ਫਿਰਦੇ ਹਾਂ।
ਇਹ ਵੀ ਪੜ੍ਹੋਂ : ਸ਼ਰਮਸਾਰ ਘਟਨਾ: ਗਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ
ਗੁਰਦੁਆਰਾ ਭੋਰਾ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ
ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕੀਰਤਨ ਕੀਤਾ ਗਿਆ ਤੇ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਪ੍ਰੇਰਦਿਆਂ ਕਿਹਾ ਕਿ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਇਕ ਨਾਮ ਹੀ ਦਾਰੂ ਹੈ। ਇਸ ਲਈ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੀ ਉਸ ਵਾਹਿਗੁਰੂ ਅੱਗੇ ਨਾਮ ਬਾਣੀ ਪੜ• ਕੇ ਅਰਦਾਸ ਕਰਿਆ ਕਰੋ ਤਾਂ ਜੋ ਉਹ ਸਾਡੇ ਕੀਤੇ ਪਾਪ ਕੱਟ ਕੇ ਸਾਰੇ ਸੰਸਾਰ ਨੂੰ ਸੁਖੀ ਵਸਾਏ।