ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਬਾਗ ''ਚ ਲਗਾਏ ਜਾਣਗੇ 400 ਤਰ੍ਹਾਂ ਦੇ ਗੁਲਾਬ

01/17/2020 5:53:43 PM

ਅੰਮ੍ਰਿਤਸਰ (ਦੀਪਕ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕੀਤੇ ਜਾ ਰਹੇ ਗੁਰੂ ਕਾ ਬਾਗ ਨੂੰ ਅੰਤਮ ਛੋਹਾਂ ਦੇਣ ਲਈ ਵੱਖ-ਵੱਖ 400 ਤਰ੍ਹਾਂ ਦੇ ਗੁਲਾਬ ਮੰਗਵਾਏ ਗਏ ਹਨ। ਇਸ ਤੋਂ ਪਹਿਲੇ ਪੜਾਅ ਤਹਿਤ ਬਾਗ ਅੰਦਰ ਕਈ ਤਰ੍ਹਾਂ ਦੇ ਵੱਡ ਅਕਾਰੀ ਅਤੇ ਹਰਿਆਵਲ ਵਾਲੇ ਬੂਟੇ ਲਗਾਏ ਜਾ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਬਾਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚਕਾਰ ਬਣਾਇਆ ਜਾ ਰਿਹਾ ਹੈ। ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵਲੋਂ ਕਰਵਾਈ ਜਾ ਰਹੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਬਾਗਬਾਨੀ ਦੇ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਾਗਬਾਨੀ ਮਾਹਿਰ ਡਾ. ਜਸਵਿੰਦਰ ਸਿੰਘ ਬਿਲਗਾ, ਆਰਕੀਟੈਕਟ ਸ੍ਰੀ ਸੁਮਿਤ ਮਿੱਡਾ ਅਤੇ ਗੁਰੂ ਘਰ ਦੇ ਪ੍ਰੇਮੀ ਸਵਿੰਦਰਪਾਲ ਸਿੰਘ ਬਾਗ ਲਈ ਸਹਿਯੋਗ ਦੇ ਰਹੇ ਹਨ। ਬੀਤੇ ਕੁਝ ਮਹੀਨਿਆਂ ਤੋਂ ਬਾਗ ਦੇ ਕੰਮ ਕਾਜ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਕੇ ਇਸ ਦੇ ਆਲੇ-ਦੁਆਲੇ ਤਿੰਨ ਪਰਤੀ ਕਿਆਰੀਆਂ ਵਿਚ ਬੂਟੇ ਲਗਾਏ ਗਏ ਹਨ। ਹੁਣ ਇਸ ਦੇ ਅੰਦਰੂਨੀ ਹਿੱਸੇ ਵਿਚ ਕਿਆਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿਚ ਗੁਲਾਬ ਦੇ ਫੁੱਲ ਲਗਾਏ ਜਾਣਗੇ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਮੁਤਾਬਕ 400 ਕਿਸਮ ਦੇ ਗੁਲਾਬ ਸ਼੍ਰੋਮਣੀ ਕਮੇਟੀ ਪਾਸ ਪੁੱਜ ਚੁੱਕੇ ਹਨ, ਜਿਨ੍ਹਾਂ ਨੂੰ ਅਗਲੇ ਮਹੀਨੇ ਬਾਗ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਗਬਾਨੀ ਮਾਹਿਰਾਂ ਨੇ ਫ਼ਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਇਹ ਬੂਟੇ ਲਗਾਉਣ ਦਾ ਸੁਝਾਅ ਦਿੱਤਾ ਹੈ, ਕਿਉਂਕਿ ਹੁਣ ਠੰਡ ਕਾਰਨ ਬੂਟਿਆਂ ਦਾ ਤੁਰਨਾ ਮੁਸ਼ਕਲ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਬਾਗ ਲਈ ਗੁਲਾਬ ਦੇ ਫੁੱਲ ਬੰਗਲੌਰ ਤੋਂ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਜਾ ਰਿਹਾ ਇਹ ਬਾਗ ਵਿਲੱਖਣ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਸੰਗਤ ਲਈ ਪ੍ਰੇਰਣਾ ਬਣੇ ਅਤੇ ਉਹ ਹਰਿਆਵਲ ਲਹਿਰ ਨੂੰ ਅੱਗੇ ਵਧਾਉਣ। ਮੁੱਖ ਸਕੱਤਰ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੱਕ ਪੂਰੇ ਮਾਰਗ 'ਤੇ ਵੱਡ ਅਕਾਰੀ ਬੂਟੇ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਇਸ ਅਗਲੇ ਪੜਾਅ ਤਹਿਤ ਸ਼੍ਰੋਮਣੀ ਕਮੇਟੀ ਦਫ਼ਤਰ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਦੋਵੇਂ ਰਸਤਿਆਂ 'ਤੇ ਵੀ ਵਿਧੀਵੱਤ ਤਰੀਕੇ ਨਾਲ ਬੂਟੇ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਛੱਤ ਉਪਰ ਵੀ ਬੂਟੇ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।
 


Baljeet Kaur

Content Editor

Related News